ਚੰਡੀਗੜ, 14 ਦਸੰਬਰ : ਦਸੰਬਰ ਮਹੀਨਾ ਸ਼ੁਰੂ ਹੋਣ ਨਾਲ ਹੀ ਉੱਤਰੀ ਭਾਰਤ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਨੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਵੇਰੇ ਅਤੇ ਦੇਰ ਸ਼ਾਮ ਪੈ ਰਹੀ ਘਣੀ ਧੁੰਦ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਧੁੰਦ ਦੀ ਚਾਦਰ ਕਾਰਨ ਵਿਜੀਬਿਲਟੀ ਘੱਟ ਹੋਣ ਨਾਲ ਸੜਕਾਂ ‘ਤੇ ਵਾਹਨਾਂ ਦੀ ਰਫ਼ਤਾਰ ਬਹੁਤ ਹੌਲੀ ਹੋ ਗਈ ਹੈ, ਜਿਸ ਨਾਲ ਦਫ਼ਤਰ ਜਾਣ ਵਾਲੇ ਕਰਮਚਾਰੀ, ਵਿਦਿਆਰਥੀ ਤੇ ਹੋਰ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।
ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਠੰਡ ਦੇ ਕਾਰਨ ਸਵੇਰੇ ਸਮੇਂ ਵਿਜੀਬਿਲਟੀ ਕਈ ਥਾਵਾਂ ‘ਤੇ 20 ਤੋਂ 30 ਮੀਟਰ ਤੱਕ ਹੀ ਰਹਿ ਗਈ ਹੈ। ਇਸ ਕਾਰਨ ਰੋਡਵੇਜ਼ ਬੱਸਾਂ, ਨਿੱਜੀ ਵਾਹਨਾਂ ਅਤੇ ਦੋ ਪਹੀਆ ਸਵਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ ‘ਤੇ ਛੋਟੇ-ਮੋਟੇ ਸੜਕ ਹਾਦਸਿਆਂ ਦੀਆਂ ਵੀ ਖ਼ਬਰਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਟਰੈਫਿਕ ਪੁਲਿਸ ਵੱਲੋਂ ਡਰਾਈਵਰਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਉਧਰ ਦੂਸਰੇ ਪਾਸੇ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਰਾਤਾਂ ਹੋਰ ਠੰਡੀ ਹੋਣਗੀਆਂ ਅਤੇ ਸਵੇਰੇ ਸਮੇਂ ਧੁੰਦ ਹੋਰ ਸੰਘਣੀ ਹੋ ਸਕਦੀ ਹੈ। ਇਸ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਲੋਕ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਅਤੇ ਸਫ਼ਰ ਦੌਰਾਨ ਫੋਗ ਲਾਈਟਾਂ ਦੀ ਵਰਤੋਂ ਜ਼ਰੂਰ ਕਰਨ।
ਜਿਆਦਾ ਠੰਡ ਹੋ ਸਕਦੀ ਹੈ ਸਬਜੀਆਂ ਲਈ ਨੁਕਸਾਨਦਾਇਕ : ਕਿਸਾਨ
ਦੂਸਰੇ ਪਾਸੇ ਲਗਾਤਾਰ ਪੈ ਰਹੀ ਕੜਾਕੇ ਦੀ ਠੰਡ ਕਾਰਨ ਖੇਤੀਬਾੜੀ ਨਾਲ ਜੁੜੇ ਕਿਸਾਨਾਂ ਦਾ ਕਹਿਣਾ ਹੈ ਕਿ ਧੁੰਦ ਅਤੇ ਠੰਡ ਕਾਰਨ ਸਰੋਂ ਅਤੇ ਸਬਜ਼ੀਆਂ ਦੀਆਂ ਫ਼ਸਲਾਂ ‘ਤੇ ਮਿਲਾ-ਜੁਲਾ ਪ੍ਰਭਾਵ ਪੈ ਸਕਦਾ ਹੈ। ਹਾਲਾਂਕਿ ਮਾਹਿਰਾਂ ਅਨੁਸਾਰ ਹਲਕੀ ਧੁੰਦ ਫ਼ਸਲਾਂ ਲਈ ਲਾਭਦਾਇਕ ਵੀ ਹੋ ਸਕਦੀ ਹੈ, ਪਰ ਬੇਹੱਦ ਠੰਡ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮੌਸਮ ਸੰਬੰਧੀ ਚੇਤਾਵਨੀਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾਵੇ।