ਚੰਡੀਗੜ, 18 ਦਸੰਬਰ : ਠੰਡ ਦੇ ਕਹਿਰ ਕਾਰਨ ਜਿਵੇ ਜਿਵੇ ਸਰਦੀ ਤੇ ਧੁੰਦ ਵਧਦੀ ਜਾ ਰਹੀ ਹੈ, ਉਵੇ ਹੀ ਹਾਦਸਿਆਂ ਵਿਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਤਾਜਾ ਮਾਮਲੇ ਵਿਚ ਦੋ ਸਕੂਲੀ ਬੱਸਾਂ ਕੋਹਰੇ ਕਾਰਨ ਆਪਸ ਵਿਚ ਟਕਰਾਉਣ ਕਾਰਨ ਵੱਡਾ ਹਾਦਸਾ ਹੋ ਗਿਆ।
ਜਾਣਕਾਰੀ ਅਨੁਸਾਰ ਧੁੰਦ ਕਾਰਨ ਖਰੜ–ਕੁਰਾਲੀ ਹਾਈਵੇਅ ’ਤੇ ਦੋ ਸਕੂਲ ਬੱਸਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ । ਹਾਦਸੇ ਕਾਰਨ ਸੜਕ ’ਤੇ ਅਚਾਨਕ ਅਫ਼ਰਾ-ਤਫ਼ਰੀ ਮਚ ਗਈ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ।
ਘਟਨਾ ਦੌਰਾਨ ਦੋਵੇਂ ਬੱਸਾਂ ਦੇ ਡਰਾਈਵਰਾਂ ਸਮੇਤ ਕੁਝ ਸਕੂਲੀ ਬੱਚਿਆਂ ਨੂੰ ਹਲਕੀਆਂ ਸੱਟਾਂ ਲੱਗਣ ਦੀ ਸੂਚਨਾ ਮਿਲੀ ਹੈ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਜ਼ਖਮੀਆਂ ਦੀ ਮਦਦ ਕਰਦਿਆਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾਈ। ਮੌਕੇ ਤੇ ਮੌਜੂਦ ਲੋਕਾਂ ਨੇ ਦਸਿਆ ਕਿ ਦੋਵੇਂ ਵਾਹਨ ਕਾਫ਼ੀ ਹੱਦ ਤੱਕ ਨੁਕਸਾਨੀ ਗਏ। ਹਾਦਸੇ ’ਚ ਸ਼ਾਮਲ ਇਕ ਬੱਸ ਦਿੱਲੀ ਪਬਲਿਕ ਸਕੂਲ ਦੀ ਸੀ, ਜਦਕਿ ਦੂਜੀ ਸੇਂਟ ਐਗਰਾ ਸਕੂਲ ਨਾਲ ਸਬੰਧਿਤ ਦੱਸੀ ਜਾ ਰਹੀ ਹੈ। ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੀ ਲੋਕਾਂ ਨੂੰ ਪੁਰਾ ਧਿਆਨ ਰੱਖਣ ਦੀ ਬੇਨਤੀ ਕੀਤੀ ਹੈ।