ਚੰਡੀਗੜ, 22 ਦਸੰਬਰ : ਕੈਨੇਡਾ ਵਿਚ ਰੁਜਗਾਰ ਦੀ ਖਾਤਰ ਗਏ ਪੰਜਾਬੀ ਨੌਜਵਾਨ ਦੀ ਉਥੇ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੋਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਪਰਿਵਾਰ ਭਾਰੀ ਸਦਮੇ ਵਿਚ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਪਿੰਡ ਮੌਲਵੀਵਾਲਾ ਦੇ ਇਕੱਲੇ ਪੁੱਤਰ ਨਾਲ ਵਾਪਰਿਆ, ਜਿਸ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਅਮਰ ਸਿੰਘ ਦਾ ਪੁੱਤਰ ਕਰਨਵੀਰ ਸਿੰਘ ਸੰਧੂ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਟਰਾਲਾ ਚਲਾਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਕਰੀਬ ਇੱਕ ਮਹੀਨਾ ਪਹਿਲਾਂ ਉਸ ਦਾ ਟਰਾਲਾ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਤਣਾਅ ’ਚ ਰਹਿਣ ਲੱਗ ਪਿਆ।
ਪਰਿਵਾਰਕ ਸੂਤਰਾਂ ਅਨੁਸਾਰ 20 ਦਸੰਬਰ ਦੀ ਰਾਤ ਕਰਨਵੀਰ ਸਿੰਘ ਆਪਣੇ ਘਰ ਵਿੱਚ ਸੁੱਤਾ ਹੋਇਆ ਸੀ। ਸਵੇਰੇ ਜਦੋਂ ਉਸ ਦੀ ਭੈਣ ਸਰਬਜੀਤ ਕੌਰ ਕੰਮ ’ਤੇ ਜਾਣ ਲਈ ਤਿਆਰ ਹੋਈ ਤਾਂ ਉਸ ਨੇ ਭਰਾ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਾ ਮਿਲਿਆ। ਨੇੜੇ ਜਾ ਕੇ ਦੇਖਿਆ ਤਾਂ ਉਸ ਦਾ ਸਰੀਰ ਠੰਢਾ ਪਿਆ ਸੀ। ਤੁਰੰਤ ਐਂਬੂਲੈਂਸ ਨੂੰ ਸੂਚਿਤ ਕੀਤਾ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।