ਜਲੰਧਰ, 30 ਅਕਤੂਬਰ 2025 : ਲੁੱਟ-ਖੋਹ-ਡਕੈਤੀ, ਚੋਰੀ ਦੀਆਂ ਘਟਨਾਵਾਂ ਰੁਕਨ ਦਾ ਨਾਮ ਨਹੀ ਲੈ ਰਹੀਆਂ ਹਨ। ਹੁਣ ਇਕ ਤਾਜਾ ਮਾਮਲੇ ਵਿਚ ਜਲੰਧਰ ਵਿਖੇ ਜਦੋਂ ਜਵੈਲਰ ਵਿਜੇ ਆਪਣੀ ਦੁਕਾਨ ਖੋਲ੍ਹ ਕੇ ਕੰਮ ਸ਼ੁਰੂ ਕਰਨ ਵਾਲਾ ਸੀ, ਉਸੇ ਵੇਲੇ ਦੋ ਅਣਪਛਾਤੇ ਹਥਿਆਰਬੰਦ ਲੁਟੇਰੇ ਭਾਰਗੋ ਕੈਂਪ ਖੇਤਰ ਵਿੱਚ ਉਸ ਦੀ ਦੁਕਾਨ ‘ਚ ਦਾਖਲ ਹੋਏ। ਲੁਟੇਰਿਆਂ ਨੇ ਬੰਦੂਕ ਤਾਨ ਕੇ ਵਿਜੇ ਨੂੰ ਧਮਕਾਇਆ ਅਤੇ ਅੰਦਰੋਂ ਲੱਖਾਂ ਰੁਪਏ ਦੀ ਨਕਦੀ ਤੇ ਸੋਨਾ ਲੁੱਟ ਲੈ ਗਏ।
ਪੂਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਵਿਜੇ ਨੇ ਲੁਟੇਰਿਆਂ ਨੂੰ ਦੇਖਿਆ, ਉਹ ਘਬਰਾ ਗਿਆ ਤੇ ਮਦਦ ਲਈ ਚੀਕਣਾ ਸ਼ੁਰੂ ਕਰ ਦਿੱਤਾ, ਪਰ ਇਸ ਦੌਰਾਨ ਦੋਵੇਂ ਹਮਲਾਵਰ ਬਿੱਲਕੁਲ ਠੰਡੇ ਮਨ ਨਾਲ ਲੁੱਟ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਇਲਾਕਾ ਕੌਂਸਲਰ ਤਰਸੇਮ ਲਖੋਤਰਾ ਵੀ ਘਟਨਾ ਸਥਾਨ ’ਤੇ ਪਹੁੰਚੇ ਤੇ ਉਨ੍ਹਾਂ ਪੁਲੀਸ ਪ੍ਰਸ਼ਾਸਨ ‘ਤੇ ਇਲਜ਼ਾਮ ਲਗਾਇਆ ਕਿ ਇਲਾਕੇ ਵਿੱਚ ਕਾਨੂੰਨ-ਵਿਵਸਥਾ ਬੇਹੱਦ ਢਿੱਲੀ ਹੋ ਚੁੱਕੀ ਹੈ। ਦੂਸਰੇ ਪਾਸੇ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।