ਪਟਿਆਲਾ, 1 ਅਗਸਤ : ਸਥਾਨਕ ਏ ਟੈਂਕ ਅਦਾਲਤ ਬਜ਼ਾਰ ‘ਚ ਸਥਿਤ ਸਾਂਝਾ ਪੀਰ ਬਾਬਾ ਹਜ਼ੂਰ ਹਜ਼ਰਤ ਇਨਾਯਤ ਸ਼ਾਹਵਲੀ ਚਿਸ਼ਤੀ ਜੀ ਦੀ ਦਰਗਾਹ ਵਿਖੇ 121ਵਾਂ ਸਾਲਾਨਾ ਉਰਸ ਮੁਬਾਰਕ ਬੜੇ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਝੰਡਾ ਚੜਾਉਣ ਦੀ ਰਸਮ ਸਵੇਰੇ 5 ਵਜੇ ਗੱਦੀ ਨਸ਼ੀਨ ਹਜ਼ੂਰ ਖ਼ਵਾਜਾ ਹਸਨ ਜੀ ਮਹਾਰਾਜ (ਬ੍ਰਹਮਲੀਨ) ਦਾ ਓਟ ਆਸਰਾ ਲੈ ਕੇ ਮੌਜੂਦਾ ਗੱਦੀ ਨਸ਼ੀਨ ਸ. ਕੁਲਦੀਪ ਸਿੰਘ ਜੀ ਵੱਲੋਂ ਅਦਾ ਕੀਤੀ ਗਈ, ਜਦਕਿ ਭੰਡਾਰਾ ਲੰਗਰ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਗਿਆ ਜੋ ਸਾਰਾ ਦਿਨ ਅਤੁੱਟ ਚੱਲਦਾ ਰਿਹਾ।
ਨਜ਼ਰ ਨਿਆਜ਼ ਤੇ ਚਾਦਰਾਂ ਚੜਾਉਣ ਦੀ ਰਸਮ ਸ਼ਾਮ 6 ਵਜੇ ਅਦਾ ਕੀਤੀ ਗਈ। ਸਲਾਨਾ ਉਰਸ ਮੁਬਾਰਕ ਦੌਰਾਨ ਵੱਡੀ ਗਿਣਤੀ ਵਿੱਚ ਦੂਰੋਂ ਦੂਰੋਂ ਪੁੱਜੇ ਸਾਧੂ ਸੰਤਾਂ, ਸਮਾਜ ਸੇਵੀਆਂ, ਸਿਆਸੀ ਸਖਸ਼ੀਅਤਾਂ, ਵਪਾਰੀ ਭਰਾਵਾਂ ਅਤੇ ਸ਼ਰਧਾਲੂਆਂ ਨੇ ਹਾਜ਼ਰੀ ਲਵਾਈ। ਦਰਗਾਹ ਦੇ ਸੇਵਾਦਾਰਾਂ ਵੱਲੋਂ ਦੂਰੋਂ ਦੂਰੋਂ ਪੁੱਜੇ ਸ਼ਰਧਾਲੂਆਂ ਦੀ ਆਦਰ ਸਤਿਕਾਰ ਸਹਿਤ ਸੇਵਾ ਕੀਤੀ ਗਈ। ਹਰ ਸਾਲ ਦੀ ਤਰ੍ਹਾਂ ਸਾਲਾਨਾ ਭੰਡਾਰੇ ਨੂੰ ਲੈ ਕੇ ਸਾਂਝਾ ਪੀਰ ਦੀ ਦਰਗਾਹ ਨੂੰ ਵੱਖ-ਵੱਖ ਤਰ੍ਹਾਂ ਦੀਆਂ ਰੰਗ-ਬਰੰਗੀਆਂ ਰੋਸ਼ਨੀਆਂ ਨਾਲ ਸਜਾਇਆ ਗਿਆ। ਦਰਗਾਹ ‘ਤੇ ਵੱਡੀ ਗਿਣਤੀ ਵਿੱਚ ਆਉਂਦੇ ਸ਼ਰਧਾਲੂਆਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ। ਸਾਰਾ ਦਿਨ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਜਿੱਥੇ ਆਵਾਜਾਈ ਲੱਗੀ ਰਹੀ, ਉੱਥੇ ਹੀ ਦਰਗਾਹ ਦੇ ਸੇਵਾਦਾਰਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਹਰ ਤਰਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਸਾਬਕਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ, ਮੇਅਰ ਸ਼੍ਰੀ ਕੁੰਦਨ ਗੋਗੀਆ, ਪ੍ਰਧਾਨ ਸ਼੍ਰੀ ਸੁਰਿੰਦਰ ਕੁਮਾਰ ਸੂਦ, ਖਾਦੀ ਬੋਰਡ ਦੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਸ਼੍ਰੀ ਅਨਿਲ ਕੁਮਾਰ ਮਹਿਤਾ, ਸਮਾਜ ਸੇਵੀ ਡਾ. ਰਾਜੇਸ਼ ਸ਼ਰਮਾ, ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾਬਕਾ ਮੈਂਬਰ ਸ਼ੇਰ ਖਾਨ, ਪ੍ਰਵਾਸੀ ਭਾਰਤੀ ਸ. ਗੁਰਮੀਤ ਸਿੰਘ, ਉੱਘੇ ਉਦਯੋਗਤੀ ਤੇ ਸਮਾਜ ਸੇਵੀ ਸ਼੍ਰੀ ਰੋਹਿਤ ਪੁਰੀ, ਉਦਯੋਗਪਤੀ ਰਾਜੇਸ਼ ਕੁਮਾਰ ਸ਼ਰਮਾ ਰਾਜੂ ਅਤੇ ਦਰਗਾਹ ਦੇ ਸੇਵਾਦਾਰ ਸ਼੍ਰੀ ਵਿਜੇ ਕੁਮਾਰ ਵਡੇਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਅਤੇ ਸਿਆਸੀ ਸਖਸ਼ੀਅਤਾਂ ਨੇ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾਈ।