ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡ ਤੇਜਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡ ਤੇਜਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ
ਪਟਿਆਲਾ, 12 ਦਸੰਬਰ : ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਉਤਪਾਦਕਾਂ ਨੂੰ ਧੰਦੇ ਦੀਆਂ ਬਾਰੀਕੀਆਂ ਸਬੰਧੀ ਜਾਣਕਾਰੀ ਦੇਣ ਲਈ ਲਗਾਏ ਜਾਂਦੇ ਕੈਂਪਾਂ ਤਹਿਤ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਦਲਬੀਰ ਸਿੰਘ ਦੀ ਅਗਵਾਈ ਵਿੱਚ ਵਿਭਾਗ ਵੱਲੋਂ ਪਿੰਡ ਤੇਜਾ ਬਲਾਕ ਭੁਨਰਹੇੜੀ ਜ਼ਿਲ੍ਹਾ ਪਟਿਆਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਦਲਬੀਰ ਕੁਮਾਰ ਵੱਲੋਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਜਿਸ ਵਿੱਚ ਦੋ ਹਫ਼ਤੇ ਅਤੇ ਚਾਰ ਹਫ਼ਤੇ ਦੀ ਸਿਖਲਾਈ, 2 ਤੋਂ 20 ਪਸੂਆਂ ਤੱਕ ਡੀ.ਡੀ.-8 ਕਰਜ਼ਾ ਸਕੀਮ ਤਹਿਤ ਸਬਸਿਡੀ ਸਬੰਧੀ ਜਾਣਕਾਰੀ ਦਿੱਤੀ ਗਈ । ਮਿਲਕਫੈੱਡ ਦੇ ਖਰੀਦ ਮੈਨੇਜਰ (ਸੇਵਾਮੁਕਤ) ਗੁਰਮੇਲ ਸਿੰਘ ਰਠੌਰ ਵੱਲੋਂ ਦੁੱਧ ਦੀ ਫੈਟ, ਐਸ. ਐਨ. ਐਫ. ਦੇ ਘਟਣ ਵਧਣ ਬਾਰੇ ਦੁੱਧ ਉਤਪਾਦਕਾਂ ਨੂੰ ਜਾਣਕਾਰੀ ਦਿੱਤੀ ਅਤੇ ਇਸ ਤੋਂ ਇਲਾਵਾ ਦੁੱਧ ਤੋਂ ਪਦਾਰਥ ਬਣਾਉਣ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ । ਡੇਅਰੀ ਵਿਕਾਸ ਇੰਸਪੈਕਟਰ ਯਸ਼ਪਾਲ ਨੇ ਐਨ. ਐਲ. ਐਮ ਪਸ਼ੂ ਬੀਮਾ ਸਕੀਮ, ਐਨ. ਐਲ. ਐਮ ਫੀਡ ਅਤੇ ਫੌਡਰ ਸਕੀਮ ਅਤੇ ਸਾਰਾ ਸਾਲ ਹਰੇ ਚਾਰੇ ਦੀ ਵਿਉਂਤਬੰਦੀ ਬਾਰੇ ਜਾਣਕਾਰੀ ਦਿੱਤੀ ਗਈ । ਵੈਟਰਨਰੀ ਇੰਸਪੈਕਟਰ (ਸੇਵਾਮੁਕਤ) ਡਾ. ਮੋਹਨ ਸ਼ਰਮਾ ਨੇ ਪਸ਼ੂਆਂ ਦੀ ਬਿਮਾਰੀਆਂ ਦੀ ਰੋਕਥਾਮ ਅਤੇ ਕੱਟੀਆਂ ਵੱਛੀਆਂ ਦੀ ਸਾਂਭ ਸੰਭਾਲ ਬਾਰੇ ਦੁੱਧ ਉਤਪਾਦਕਾਂ ਨੂੰ ਜਾਣਕਾਰੀ ਦਿੱਤੀ ਗਈ। ਵੈਟਰਨਰੀ ਇੰਸਪੈਕਟਰ ਲਖਮੀਰ ਸਿੰਘ ਵੱਲੋਂ ਸਾਫ਼ ਦੁੱਧ ਦੀ ਪੈਦਾਵਾਰ ਅਤੇ ਕੈਟਲਸ਼ੈੱਡ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਵਿਭਾਗ ਦੇ ‌ਅਧਿਕਾਰੀਆਂ ਨੇ ਦੱਸਿਆ ਕਿ ਦੋ ਹਫ਼ਤੇ ਦਾ ਡੇਅਰੀ ਸਿਖਲਾਈ ਕੋਰਸ 30 ਦਸੰਬਰ ਨੂੰ ਚਲਾਇਆ ਜਾਵੇਗਾ । ਇਸ ਸਬੰਧੀ ਚਾਹਵਾਨ ਲਾਭਪਾਤਰੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਖੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਪਿੰਡ ਤੇਜਾ ਦੇ ਮੁਹਤਬਰ ਵਿਅਕਤੀਆਂ ਨੇ ਡੇਅਰੀ ਵਿਕਾਸ ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਕੈਂਪ ਲੱਗਦੇ ਰਹਿਣੇ ਚਾਹੀਦੇ ਹਨ ਤਾਂ ਜੋ ਦੁੱਧ ਉਤਪਾਦਕਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲ ਸਕੇ ।

Leave a Comment

Your email address will not be published. Required fields are marked *

Scroll to Top