ਪਟਿਆਲਾ, 4 ਜੁਲਾਈ : ਸਿਹਤ ਮੰਤਰੀ ਡਾ· ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੇਂਗੂ ਦੀ ਰੋਕਥਾਮ ਲਈ ਵਿਸ਼ੇਸ਼ ਤੌਰ ਉੱਤੇ ਡੇਗੂ ਵਿਰੋਧੀ ਡਰਾਈ ਡੇਅ ਅਭਿਆਨ ਚਲਾਇਆ ਗਿਆ । ਜਿਸ ਦੀ ਅਗਵਾਈ ਸਿਵਲ ਸਰਜਨ ਡਾ· ਜਗਪਾਲਇੰਦਰ ਸਿੰਘ ਨੇ ਕੀਤੀ।
ਜਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਸਕੂਲਾਂ/ਕਾਲਜਾਂ ਦੇ ਨਰਸਿੰਗ ਵਿਦਿਆਰਥੀਆਂ ਅਤੇ ਆਸ਼ਾ ਵਰਕਰ ਦੇ ਸਹਿਯੋਗ ਨਾਲ ਡੇਂਗੂ ਦੇ ਹਾਟ-ਸਪਾਟ ਇਲਾਕਿਆਂ ਦੀ ਚੈਕਿੰਗ ਲਈ ਜਿਲ੍ਹੇ ਭਰ ਵਿੱਚ ਸਪੈਸ਼ਲ ਕੈਂਪੇਨ ਚਲਾਈ ਗਈ।ਇਸ ਅਭਿਆਨ ਵਿੱਚ ਟੀਮਾਂ ਦਾ ਨਿਰੀਖਣ ਸਿਵਲ ਸਰਜਨ ਸਮੇਤ ਜਿਲ੍ਹਾ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਵੱਲੋਂ ਕੀਤਾ ਗਿਆ।
ਇਸ ਦੌਰਾਨ ਕ੍ਰਿਸ਼ਨਾ ਕਲੋਨੀ ਨੰਬਰ ਚਾਰ ਡਵੀਜ਼ਨ, ਦੇਸੀ ਮਹਿਮਾਨਦਾਰੀ, ਅਰੋੜੀਆ ਸਟਰੀਟ ਟੀਬੀ ਹਾਸਪਿਟਲ ਰੋਡ ਨੀਅਰ ਭਸੀਨ ਇਲੈਕਟ੍ਰੌਨਿਕਸ, ਜੁਝਾਰ ਨਗਰ, ਆਜ਼ਾਦ ਨਗਰ, ਜਗਦੀਸ਼ ਆਸ਼ਰਮ ਰੋਡ, ਬੈਂਕ ਕਲੋਨੀ, ਮਾਡਲ ਟਾਊਨ ਨੇੜੇ ਸੀਐਚਸੀ, ਖਾਲਸਾ ਮੁਹੱਲਾ ਧੋਬੀ ਘਾਟ, ਲੱਕੜ ਮੰਡੀ, ਤ੍ਰਿਪੜੀ ਮੇਨ ਮਾਰਕਿਟ ਤੋਂ ਮੀਡੀਆ ਰੋਡ, ਫੋਕਲ ਪੁਆਇੰਟ, ਕਸ਼ਮੀਰੀ ਗੁਰਦੁਆਰਾ ਸਾਹਿਬ ਤੋਂ ਰਤਨ ਨਗਰ ਐਕਸਟੈਂਸ਼ਨ ਇਲਾਕਿਆਂ ਵਿੱਚ ਘਰ ਘਰ ਵਿਜ਼ਿਟ ਕਰਕੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ।
ਸਿਵਲ ਸਰਜਨ ਪਟਿਆਲਾ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ, ਪੰਚਾਇਤੀ ਵਿਭਾਗ ਅਤੇ ਮਿਊਸੀਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲਾਰਵੀਸਾਈਡ ਦੀ ਖਰੀਦ ਕਰਨ ਬਾਰੇ ਕਿਹਾ ਗਿਆ। ਉਹਨਾਂ ਨੇ ਦੱਸਿਆ ਕਿ ਵੀਐੱਚਐਨਐਸਸੀ ਅਤੇ ਲੋਕਲ ਮੁਹੱਲਾ ਲੀਡਰਾਂ ਤੋਂ ਵੀ ਮਦਦ ਲਈ ਜਾ ਰਹੀ ਹੈ।
ਇਸ ਮੌਕੇ ਆਮ ਜਨਤਾ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਅਤੇ ਲੱਛਣਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਪਾਣੀ ਦੇ ਖੜ੍ਹੇ ਸਰੋਤਾਂ ਦੀ ਚੈਕਿੰਗ ਕੀਤੀ ਗਈ। ਜਿਨ੍ਹਾਂ ਘਰਾਂ ਅਤੇ ਥਾਵਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਉਸ ਨੂੰ ਮੌਕੇ ਉੱਤੇ ਹੀ ਨੋਟ ਕੀਤਾ ਗਿਆ। ਲੋਕਾਂ ਨੂੰ ਮੱਛਰਾਂ ਦੀ ਪੈਦਾਇਸ਼ ਰੋਕਣ ਲਈ ਆਪਣੇ ਘਰਾਂ ਦੀਆਂ ਛੱਤਾਂ ਜਾਂ ਵਿਹੜੇ ਵਿੱਚ ਪਏ ਕਬਾੜ ਆਦਿ ਸਮਾਨ ਵਿੱਚ ਪਾਣੀ ਜਮ੍ਹਾਂ ਨਾ ਹੋਣ ਦੇਣ ਬਾਰੇ ਸਮਝਾਇਆ ਗਿਆ ।
ਇਸ ਮੌਕੇ ਸਿਵਲ ਸਰਜਨ ਡਾ.ਜਗਪਾਲਇੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਡੈਂਗੂ ਦੇ ਪਸਾਰ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੋਕਸ ਹੈ। ਇਸ ਮੁਹਿੰਮ ਦਾ ਮੰਤਵ ਇਸ ਭਿਆਨਕ ਬਿਮਾਰੀ ਤੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਪਣੇ ਆਲੇ ਦੁਆਲੇ ਦੀ ਸਫਾਈ ਰੱਖੀ ਜਾਵੇ ਅਤੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ,ਪਾਣੀ ਦੀ ਨਿਕਾਸੀ ਕੀਤੀ ਜਾਵੇ।
ਜਿਲ੍ਹਾ ਐਪੀਡੇਮੌਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਡੇਂਗੂ ਵਿਰੋਧੀ ਚਲਾਏ ਡਰਾਈ ਡੇਅ ਅਭਿਆਨ ਅਧੀਨ ਸਟਾਫ ਦੀਆਂ ਟੀਮਾਂ ਨਾਲ ਨਰਸਿੰਗ ਵਿਦਿਆਰਥੀਆਂ ਵੱਲੋਂ ਜਿਲ੍ਹੇ ਭਰ ਦੇ 35084 ਘਰਾਂ ਵਿਚ ਪਹੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 255 ਥਾਂਵਾ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਡਰਾਈ ਡੇਅ ਮੁਹਿੰਮ ਤਹਿਤ 339820 ਤੋਂ ਵੱਧ ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਹਨਾਂ ਵਿੱਚ 1023 ਥਾਂਵਾ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ ਅਤੇ ਸਬੰਧਿਤ ਪਰਿਵਾਰਾਂ ਨੂੰ ਅਗਾਂਹ ਲਈ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।