ਪਟਿਆਲਾ ,12 ਸਤੰਬਰ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਦੇ ਤਹਿਤ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਪਾਣੀ ਦੀ ਪਾਈਪਲਾਈਨ ਦਾ ਵਿਸਥਾਰ ਪੂਰਵਰਕ ਜਾਇਜਾ ਲਿਆ। ੳਹਨਾਂ ਗੁਰਦੁਆਰਾ ਸ੍ਰੀ ਦੁਖਨਿਵਾਰਣ ਸਾਹਿਬ, ਗੁਰਦੁਆਰਾ ਸ੍ਰੀ ਮੋਤੀ ਬਾਗ ਸੜਕ, ਖੰਡਾ ਚੌਂਕ , ਪਾਸੀ ਰੋਡ, 22 ਨੰਬਰ ਫਾਟਕ , ਬਸ ਸਟੈਂਡ, ਫੁਆਰਾ ਚੌਂਕ ਸਮੇਤ ਹੋਰ ਅਹਿਮ ਚੌਂਕਾਂ ਦਾ ਬਾਰੀਕੀ ਨਾਲ ਜਾਇਜਾ ਲਿਆ। ਉਹਨਾਂ ਇਹਨਾਂ ਸਥਾਨਾਂ ‘ ਤੇ ਪਾਣੀ ਦੀ ਨਿਕਾਸੀ ਦੀ ਸਥਿਤੀ ਦਾ ਮੁਆਇਨਾਂ ਕੀਤਾ ਅਤੇ ਜਲ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿਤੀਆਂ ਕਿ ਸ਼ਹਿਰ ਦੀਆਂ ਸੜਕਾਂ , ਫੁਟਪਾਥ ਲਾਈਟਾਂ, ਚੌਂਕ ਆਦਿ ਦਾ ਕੰਮ ਜਲਦ ਹੀ ਪੂਰੀ ਤਰ੍ਹਾਂ ਠੀਕ ਕਰ ਲਿਆ ਜਾਵੇ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਗੁਰੂ ਸਾਹਿਬ ਦੇ ਨਗਰ ਕੀਰਤਨ ਦੌਰਾਨ ਸੜਕਾਂ ਅਤੇ ਪਾਣੀ ਨਿਕਾਸੀ ਪ੍ਰਣਾਲੀ , ਲਾਈਟਾਂ ਸਹੀ ਢੰਗ ਨਾਲ ਕੰਮ ਕਰਨ ਤਾਂ ਜੋ ਕਿਸੇ ਵੀ ਕਿਸਮ ਦੀ ਰੁਕਾਵਟ ਜਾ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਕੰਮ ਡਿਊਟੀ ਸਮਝ ਕੇ ਨਹੀ ਸਗੋਂ ਸੇਵਾ ਸਮਝ ਕੇ ਕਰਨ ।
ਡਾ: ਪ੍ਰੀਤੀ ਯਾਦਵ ਨੇ ਇਸ ਮੁਹਿੰਮ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਡਰੇਨ, ਜਲ ਸਪਲਾਈ ਵਿਭਾਗ, ਨਗਰ ਨਿਗਮ, ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਟੀਮਾਂ ਬਣਾ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਹਨਾਂ ਇਸ ਵੀ ਜੋਰ ਦਿੱਤਾ ਕਿ ਸਾਰੇ ਅਧਿਕਾਰੀ ਆਪਣੀ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਸ਼ਹਿਰ ਦੀ ਸਫ਼ਾਈ ਅਤੇ ਵਾਤਾਵਰਣ ਸੁਚੱਜਾ ਬਣਾਉਣ ਵਿੱਚ ਪੂਰੀ ਲਗ਼ਨ ਨਾਲ ਕੰਮ ਕਰਨ ।
ਇਸ ਮੌਕੇ ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ(ਜ) ਸਿਮਰਪ੍ਰੀਤ ਕੌਰ, ਇੰਜਨੀਅਰ ਪਿਊਸ਼ ਅਗਰਵਾਲ ਅਤੇ ਇੰਜਨੀਅਰ ਵਿਸ਼ਾਲ ਧਵਨ ਤੋਂ ਇਲਾਵਾ ਨਗਰ ਨਿਗਮ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ ।