ਡਾ. ਵਨੀਤਾ ਰਾਣੀ ਨੇ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

ਪਟਿਆਲਾ : 02 ਫਰਵਰੀ 2026 : ਡਾ. ਵਨੀਤਾ ਰਾਣੀ ਨੇ ਸਥਾਨਕ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ। ਡਾ. ਵਨੀਤਾ ਰਾਣੀ ਨੇ ਆਪਣੀਆਂ ਅਧਿਆਪਨ ਸੇਵਾਵਾਂ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਤੋਂ ਸ਼ੁਰੂ ਕੀਤੀਆਂ। ਜਿੱਥੇ ਉਨ੍ਹਾਂ ਨੇ ਲਗਭਗ 29 ਸਾਲ ਬਤੌਰ ਪ੍ਰੋਫੈਸਰ ਅਤੇ ਮੁਖੀ ਕਾਮਰਸ ਵਿਭਾਗ ਕਾਰਜ ਕੀਤਾ ਅਤੇ ਅਧਿਆਪਨ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਆਪਣੇ ਅਧਿਆਪਨ ਕਾਰਜ ਦੇ ਨਾਲ-ਨਾਲ ਉਨ੍ਹਾਂ ਨੇ ਹੋਰ ਕਈ ਮਹੱਤਵਪੂਰਨ ਪ੍ਰਸ਼ਾਸ਼ਨਿਕ ਅਹੁਦਿਆਂ ਉੱਪਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ।

ਪਦ-ਉੱਨਤੀ ਉਪਰੰਤ ਮਿਤੀ 03-08-2024 ਨੂੰ ਬਤੌਰ ਪ੍ਰਿੰਸੀਪਲ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਅਹੁਦਾ ਸੰਭਾਲਿਆ, ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਲਜ ਦਾ ਸਰਵਪੱਖੀ ਵਿਕਾਸ ਕੀਤਾ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ। ਪ੍ਰਿੰਸੀਪਲ ਡਾ. ਵਨੀਤਾ ਰਾਣੀ ਇੱਕ ਸਮਰਪਿਤ ਅਧਿਆਪਕ ਅਤੇ ਕੁਸ਼ਲ ਪ੍ਰਸ਼ਾਸ਼ਕ ਹਨ।  ਉਚੇਰੀ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਬਦਲੀ ਉਪਰੰਤ ਮਿਤੀ:-31-01-2026 ਨੂੰ ਉੱਤਰੀ ਭਾਰਤ ਦੀ ਨਾਮਵਰ ਸੰਸਥਾ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿਖੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ।

ਇਸ ਮੌਕੇ ’ਤੇ ਪ੍ਰਿੰਸੀਪਲ ਡਾ. ਵਨੀਤਾ ਰਾਣੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨਾ ਅਤੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਇਸ ਲਈ ਉਨ੍ਹਾਂ ਦਾ ਯਤਨ ਰਹੇਗਾ ਕਿ ਵਿਦਿਆਰਥੀਆਂ ਦਾ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਅਤੇ ਸਮਾਜਿਕ ਗਤੀਵਿਧੀਆਂ ਵੱਲ ਵੀ ਆਪਣਾ ਯੋਗਦਾਨ ਪਾਉਣ। ਕਾਲਜ ਕੌਂਸਲ ਮੈਂਬਰ ਰੁਪਿੰਦਰ ਸਿੰਘ ਲਾਇਬ੍ਰੇਰੀਅਨ, ਡਾ. ਮਨਪ੍ਰੀਤ ਕੌਰ, ਅਸਿ.ਪ੍ਰੋ. ਯਸ਼ਪ੍ਰੀਤ ਸਿੰਘ, ਡਾ. ਹਰਦੀਪ ਕੌਰ ਸੈਣੀ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਵੱਲੋਂ ਪ੍ਰਿੰਸੀਪਲ ਡਾ. ਵਨੀਤਾ ਰਾਣੀ ਦਾ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਸਾਬਕਾ ਪ੍ਰਿੰਸੀਪਲ ਡਾ. ਨੀਲਮਜੀਤ ਕੌਰ, ਸਾਬਕਾ ਪ੍ਰਿੰਸੀਪਲ ਅਤੇ ਓ.ਐੱਸ.ਏ. ਮੈਂਬਰ ਡਾ. ਜੋਗਿੰਦਰ ਸਿੰਘ, ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਤੋਂ ਫੈਕਲਟੀ ਅਤੇ ਸਟਾਫ਼ ਮੈਂਬਰ, ਸ੍ਰੀਮਤੀ ਸਸ਼ੀ ਬਾਲਾ, ਸ੍ਰੀ ਰਾਜੀਵ ਮੁਖੀ, ਡਾ. ਨੀਲਮ ਮੁਖੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

Scroll to Top