ਟੀ.ਬੀ. ਦੇ ਮਰੀਜਾਂ ਨੂੰ ਕੀਤੀ ਨਿਊਟ੍ਰੀਸ਼ਨਲ ਫੂਡ ਕਿਟਸ ਦੀ ਵੰਡ

ਪਟਿਆਲਾ 30 ਦਸੰਬਰ – ਟੀਬੀ ਮੁਕਤ ਭਾਰਤ ਅਭਿਆਨ ਤਹਿਤ ਦਫਤਰ ਸਿਵਲ ਸਰਜਨ ਪਟਿਆਲਾ ਵਿਖੇ ਮਯੰਕ ਫਾਊਂਡੇਸ਼ਨ ਦੇ ਸਹਿਯੋਗ ਨਾਲ 50 ਟੀ.ਬੀ. ਦੀ ਦਵਾਈ ਲੈ ਰਹੇ ਰੋਗੀਆਂ ਨੂੰ ਨਿਊਟ੍ਰਿਸ਼ਨਲ ਫੂਡ ਕਿਟਸ ਦੀ ਵੰਡ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਪਟਿਆਲਾ ਡਾ.ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੰਨੇ ਵੀ ਟੀ.ਬੀ. ਦੇ ਮਰੀਜ਼ ਨੋਟੀਫਾਈ ਹੁੰਦੇ ਹਨ ਉਹਨਾਂ ਵਿੱਚ 56 ਫੀਸਦੀ ਕੁਪੋਸ਼ਨ ਦੇ ਸ਼ਿਕਾਰ ਹੁੰਦੇ ਹਨ।

ਉਹਨਾਂ ਦੱਸਿਆ ਕਿ ਟੀਬੀ ਦੇ ਹਰੇਕ ਮਰੀਜ਼ ਨੂੰ ਸਿਹਤ ਵਿਭਾਗ ਵੱਲੋਂ 1000 ਰੁਪਏ ਦੀ ਸਹਾਇਤਾ ਵਧੀਆ ਖਾਧ ਖੁਰਾਕ ਲਈ ਦਿੱਤੀ ਜਾਂਦੀ ਹੈ। ਹਰੇਕ ਮਰੀਜ ਦੇ ਸਾਰੇ ਟੇਸਟ ਅਤੇ ਸਕਰੀਨਿੰਗ ਮੁਫਤ ਕੀਤੀ ਜਾਂਦੀ ਹੈ ਅਤੇ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀ.ਬੀ ਦੀ ਦਵਾਈ ਮੁਫਤ ਦਿੱਤੀ ਜਾਂਦੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਨਿਕਸਾ ਮਿੱਤਰ ਸਕੀਮ ਤਹਿਤ ਹਰ ਬੰਦੇ ਨੂੰ ਟੀ.ਬੀ. ਦੇ ਮਰੀਜ਼ਾਂ ਨੂੰ ਗੋਦ ਲੈਣ ਲਈ ਪਹਿਲ ਕਰਨੀ ਚਾਹੀਦੀ ਹੈ।

ਜਿਲ੍ਹਾ ਟੀ.ਬੀ. ਅਫਸਰ ਡਾ.ਗੁਰਪ੍ਰੀਤ ਨਾਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਟ੍ਰੀਸ਼ਨਲ ਫੂਡ ਕਿਟਸ ਉਹਨਾਂ ਟੀ.ਬੀ. ਦੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਜਿਨਾਂ ਦਾ ਬੀ.ਐਮ.ਆਈ ਘੱਟ ਹੋਵੇ, ਐਚ.ਆਈ.ਵੀ ਨਾਲ ਪੀੜਤ ਹੋਣ ਅਤੇ ਐਮ.ਡੀ.ਆਰ ਨਾਲ ਜੂਝ ਰਹੇ ਹੋਣ। ਉਹਨਾਂ ਨੇ ਦੱਸਿਆ ਕਿ ਨਿਊਟ੍ਰੀਸ਼ਨ ਕਿਟ ਵਿੱਚ ਸੋਇਆਬੀਨ, ਸਰਸੋਂ ਦਾ ਤੇਲ, ਗੁੜ, ਸਾਬਤ ਮੂੰਗੀ, ਚਨੇ ਦੀ ਦਾਲ, ਰੋਸਟਡ ਚਨਾ, ਦਲੀਆ ਆਦਿ ਸ਼ਾਮਿਲ ਹੈ।

ਉਹਨਾਂ ਨੇ ਇਹ ਕਿਹਾ ਕਿ ਜਿੰਨੀ ਦੇਰ ਤੱਕ ਮਰੀਜ਼ ਦੀ ਦਵਾਈ ਚਲੇਗੀ ,ਉਨੀ ਦੇਰ ਇਹਨਾਂ ਮਰੀਜਾ ਨੂੰ ਫੂਡ ਬਾਸਕਿਟ ਪੋਸ਼ਨ ਸਹਾਇਤਾ ਵੱਜੋਂ ਦਿੱਤੀਆਂ ਜਾਣਗੀਆਂ। ਇਸ ਮੌਕੇ ਡੀ.ਐਫ.ਪੀ.ਓ ਡਾ.ਬਲਕਾਰ ਸਿੰਘ, ਛਾਤੀ ਤੇ ਰੋਗਾਂ ਦੇ ਮਾਹਿਰ ਡਾ.ਜੋਰਾਵਰ ਸਿੰਘ, ਮਾਸ ਮੀਡੀਆ ਦਾ ਸਟਾਫ, ਨੈਸ਼ਨਲ ਟੀਬੀ ਈਲੀਮੀਨੇਸ਼ਨ ਪ੍ਰੋਗਰਾਮ ਦਾ ਸਟਾਫ ਅਤੇ ਟੀ.ਬੀ. ਚੈਂਪੀਅਨ ਹਾਜਰ ਸਨ।

Scroll to Top