ਨਵੀਂ ਦਿੱਲੀ, 14 ਮਾਰਚ : ਜਿਥੇ ਇਕ ਪਾਸੇ ਅਮਰੀਕਾ, ਇਰਾਨ, ਇਜਰਾਇਲ ਵਿਚਾਲੇ ਯੁੱਧ ਵਰਗਾ ਮਾਹੌਲ ਹੈ, ਉਥੇ ਦੂਸਰੇ ਪਾਸੇ ਹਵਾਈ ਆਵਾਜਾਈ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਦੇਸ਼ ਵਿੱਚ ਮੌਜੂਦ ਵਿਦੇਸ਼ੀ ਨਾਗਰਿਕਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਉਹ ਲੋਕ ਜਿਨ੍ਹਾਂ ਦੇ ਰਹਿਣ ਦੀ ਮਿਆਦ ਮੁੱਕ ਰਹੀ ਹੈ, ਉਨ੍ਹਾਂ ਨੂੰ ਵਾਧੂ ਸਮਾਂ ਮਿਲੇਗਾ।
ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਜਿਵੇਂ ਹੀ ਹਵਾਈ ਰਸਤੇ ਮੁੜ ਆਮ ਹੋਣਗੇ, ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਜਾਣ ਲਈ ਲੋੜੀਂਦੀ ਮਨਜ਼ੂਰੀ ਵੀ ਬਿਨਾਂ ਕਿਸੇ ਫੀਸ ਦੇ ਜਾਰੀ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਦੁਬਈ ਸਥਿਤ ਭਾਰਤੀ ਦੂਤਾਵਾਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਿਨ੍ਹਾਂ ਵਿਦੇਸ਼ੀ ਨਾਗਰਿਕਾਂ ਦੀ ਰਹਿਣ ਦੀ ਮਿਆਦ ਖਤਮ ਹੋ ਰਹੀ ਹੈ, ਉਨ੍ਹਾਂ ਨੂੰ 30 ਦਿਨਾਂ ਲਈ ਬਿਨਾਂ ਕਿਸੇ ਫੀਸ ਦੇ ਵਾਧੂ ਰਹਿਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 28 ਫਰਵਰੀ ਤੋਂ ਬਾਅਦ ਜੰਗੀ ਸਥਿਤੀ ਕਾਰਨ ਜੋ ਲੋਕ ਨਿਰਧਾਰਤ ਸਮੇਂ ਤੋਂ ਵੱਧ ਦੇਰ ਤੱਕ ਦੇਸ਼ ਵਿੱਚ ਰਹਿ ਗਏ ਹਨ, ਉਨ੍ਹਾਂ ਤੋਂ ਕੋਈ ਜੁਰਮਾਨਾ ਨਹੀਂ ਲਿਆ ਜਾਵੇਗਾ।