ਪਟਿਆਲਾ 23 ਸਤੰਬਰ- ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸਾਨਾ ਦੀ ਸਹਾਇਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਤਹਿਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜਿਲ੍ਹਾ ਪੱਧਰ ‘ ਤੇ ਕਿਸਾਨ ਸਹਾਇਤਾ ਕੇਂਦਰ ਖੋਲਿਆ ਗਿਆ ਹੈ ਜਿਸ ਵਿੱਚ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿਣਗੇ।
ਇਸ ਸਬੰਧ ਇਕ ਟੋਲ ਫਰੀ ਨੰਬਰ 0175-2350550 ਵੀ ਜਾਰੀ ਕੀਤਾ ਗਿਆ ਹੈ ਜਿਸ ਤੇ ਫੋਨ ਕਰਕੇ ਕੋਈ ਵੀ ਕਿਸਾਨ ਪਰਾਲੀ ਪ੍ਰਬੰਧਨ ਲਈ ਸਹਾਇਤਾ ਦੀ ਮੰਗ ਕਰ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਪਰਾਲੀ ਨੂੰ ਅੱਗ ਲੱਗਣ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਇਸ ਨੰਬਰ ਤੇ ਜਾਣਕਾਰੀ ਦੇ ਸਕਦਾ ਹੈ ।
ਮੁੱਖ ਖੇਤੀਬਾੜੀ ਅਫ਼ਸਰ ਡਾ: ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਅਧਿਕਾਰੀ ਅਤੇ ਕਰਮਚਾਰੀ ਨੋਡਲ ਅਤੇ ਕਲਸਟਰ ਅਫ਼ਸਰਾਂ ਨਾਲ ਤਾਲਮੇਲ ਕਰਨਗੇ । ਜੇਕਰ ਕਿਸਾਨਾਂ ਦੀ ਕੋਈ ਮੰਗ ਆਉਂਦੀ ਹੈ ਤਾਂ ਉਹ ਨੋਟ ਕਰਨਗੇ ਅਤੇ ਜੇਕਰ ਕਿਸੇ ਵੀ ਕਿਸਾਨ ਵੱਲੋਂ ਅੱਗ ਲਗਾਉਣ ਦੀ ਗਤੀਵਿਧੀ ਸਾਹਮਣੇ ਆਉਦੀ ਹੈ ਤਾਂ ਉਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣਗੇ।
ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪਰਾਲੀ ਸਬੰਧੀ ਸਮੱਸਿਆ ਜਾ ਅੱਗ ਲੱਗਣ ਸਬੰਧੀ ਜਾਣਕਾਰੀ ਨੂੰ ਤੁਰੰਤ ਇਸ ਸਹਾਇਤਾ ਕੇਂਦਰ ਤੇ ਸਾਂਝਾ ਕਰਨ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ ਅਤੇ ਕਿਸਾਨਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜੇਕਰ ਕਿਸੇ ਕਿਸਾਨ ਭਰਾ ਨੂੰ ਖੇਤਾਂ ਵਿੱਚ ਕੰਮ ਕਰਨ ਲਈ ਖੇਤੀਬਾੜੀ ਸਬੰਧੀ ਮਸ਼ੀਨ ਅਤੇ ਕਿਸੇ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਤੁੰਰਤ ਸੰਪਰਕ ਕਰਨ । ਉਹਨਾਂ ਦੱਸਿਆ ਕਿ ਉਹ ਵੈਬਸਾਈਟ ਰਾਹੀਂ ਵੀ ਆਪਣੇ ਪਿੰਡ ਵਿੱਚ ਲਗਾਏ ਗਏ ਨੋਡਲ ਅਤੇ ਕਲਸਟਰ ਅਧਿਕਾਰੀ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ।
ਇਸ ਮੌਕੇ ਨਿਧੀ ਮਲਹੋਤਰਾ, ਰਵਿੰਦਰ ਪਾਲ ਸਿੰਘ ਚੱਠਾ, ਹਰਸਿਮਰਤ ਕੌਰ , ਸਹਾਇਕ ਰਜਿਸਟਰਾਰ ਅਤੇ ਡੀ. ਸੀ ਦਫਤਰ ਦੇ ਕਰਮਚਾਰੀ ਹਾਜਰ ਸਨ ।