ਜਲੰਧਰ, 25 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਜਲੰਧਰ ਦੌਰੇ ਦੌਰਾਨ ਪੰਜਾਬ ਪੁਲਿਸ ਅਕੈਡਮੀ (ਪੀਏਪੀ) ਵਿੱਚ ਆਯੋਜਿਤ ਪਾਸਿੰਗ ਆਊਟ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਥੇ ਉਨਾ ਬੀਤੇ ਦਿਨੀ ਗੁਰਦਾਸਪੁਰ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਪਾਕਿਸਤਾਨ ਨੂੰ ਘੇਰਦਿਆਂ ਤਿੱਖੀ ਆਲੋਚਨਾ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਸਨ ਅਤੇ ਦੋਵਾਂ ਨੇ ਨਵੇਂ ਜਵਾਨਾਂ ਤੋਂ ਸਲਾਮੀ ਲਈ।
ਇਸ ਮੋਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਗੁਰਦਾਸਪੁਰ ਦੀ ਘਟਨਾ ਪਿੱਛੇ ਪਾਕਿਸਤਾਨ ਦੀ ਸਾਜ਼ਿਸ਼ ਹੈ ਅਤੇ ਹਮਲਾਵਰਾਂ ਨੂੰ ਬਾਹਰੀ ਤੌਰ ’ਤੇ ਸਹਿਯੋਗ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸਰਹੱਦਾਂ ’ਤੇ ਮਜ਼ਬੂਤ ਕੰਧ ਵਾਂਗ ਡਟੀ ਹੋਈ ਹੈ ਅਤੇ ਕਿਸੇ ਵੀ ਚੁਣੌਤੀ ਦਾ ਡਟ ਕੇ ਸਾਹਮਣਾ ਕਰੇਗੀ।
ਪਾਸਿੰਗ ਆਊਟ ਪਰੇਡ ਦੌਰਾਨ ਕੁੱਲ 2,568 ਜਵਾਨਾਂ ਨੇ ਆਪਣੀ ਸਿਖਲਾਈ ਪੂਰੀ ਕਰਨ ਉਪਰੰਤ ਬਲ ਵਿੱਚ ਸ਼ਾਮਲ ਹੋਣ ਦੀ ਸ਼ਪਥ ਲਈ। ਇਨ੍ਹਾਂ ਵਿੱਚ ਚਾਰ ਡੀਐਸਪੀ ਅਤੇ 778 ਸਬ-ਇੰਸਪੈਕਟਰ ਸ਼ਾਮਲ ਹਨ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਸ ਅਕੈਡਮੀ ਵਿੱਚ ਤਾਲੀਮ ਹਾਸਲ ਕੀਤੀ।