ਚਰਨ ਬਾਗ ਪਟਿਆਲਾ ਦੇ ਪਾਰਕ ‘ਚੋਂ ਨਜਾਇਜ਼ ਕਬਜ਼ਾ ਹਟਾਇਆ ਗਿਆ

ਪਟਿਆਲਾ, 2 ਅਗਸਤ :  ਪਟਿਆਲਾ ਦੇ ਚਰਨ ਬਾਗ ਇਲਾਕੇ ਵਿੱਚ ਇੱਕ ਸਰਕਾਰੀ ਪਾਰਕ ‘ਤੇ ਪਿਛਲੇ ਕੁਝ ਸਮੇਂ ਤੋਂ ਨਜਾਇਜ਼ ਤੌਰ ‘ਤੇ ਕਬਜ਼ਾ ਕੀਤਾ ਗਿਆ ਸੀ, ਜਿਸ ਨੂੰ ਲੰਬੇ ਸਮੇਂ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਨਗਰ ਨਿਗਮ ਵੱਲੋਂ ਵਾਰ-ਵਾਰ ਚੇਤਾਵਨੀ ਦੇਣ ਦੇ ਬਾਵਜੂਦ ਵੀ ਕਬਜ਼ਾਧਾਰੀ ਇਨਸਾਨ ਕਬਜ਼ਾ ਖਾਲੀ ਕਰਨ ਤੋਂ ਇਨਕਾਰ ਕਰ ਰਿਹਾ ਸੀ। ਪਰ ਅੱਜ ਨਗਰ ਨਿਗਮ ਨੇ ਮੌਕੇ ‘ਤੇ ਪੁੱਜ ਕੇ ਇਹ ਕਬਜ਼ਾ ਹਟਾ ਕੇ ਸਰਕਾਰੀ ਜਾਇਦਾਦ ਨੂੰ ਮੁੜ ਨਿਗਮ ਦੇ ਅਧੀਨ ਲਿਆ।

ਇਹ ਕਾਰਵਾਈ ਮਾਨਯੋਗ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਦੀ ਰਹਿਨੁਮਾਈ ਹੇਠ ਕੀਤੀ ਗਈ। ਕਾਰਵਾਈ ਦੀ ਅਗਵਾਈ ਇੰਸਪੈਕਟਰ ਵਿਸ਼ਾਲ ਵਰਮਾ ਅਤੇ ਐਸ.ਡੀ.ਓ. ਅਮਨਿੰਦਰ ਸਿੰਘ ਵੱਲੋਂ ਕੀਤੀ ਗਈ। ਨਗਰ ਨਿਗਮ ਦੀ ਟੀਮ ਨੇ ਮੌਕੇ ‘ਤੇ ਪੁੱਜ ਕੇ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਕਬਜ਼ਾ ਹਟਵਾਇਆ। ਕਾਰਵਾਈ ਦੌਰਾਨ ਨਿਗਮ ਟੀਮ ਦੇ ਨਾਲ ਪੁਲਿਸ ਵੀ ਮੌਜੂਦ ਰਹੀ, ਤਾਂ ਜੋ ਕੋਈ ਵੀ ਰੁਕਾਵਟ ਜਾਂ ਕਾਨੂੰਨ-ਵਿਰੁੱਧ ਹਰਕਤ ਨਾ ਹੋਵੇ।

ਕਾਰਵਾਈ ਦੌਰਾਨ ਪਾਰਕ ਵਿੱਚ ਖੜੀ ਨਿਰਮਾਣ ਸਮਗਰੀ ਅਤੇ ਹੋਰ ਸਾਮਾਨ ਨੂੰ ਸਥਾਨ ਤੋਂ ਹਟਾਇਆ ਗਿਆ। ਨਗਰ ਨਿਗਮ ਨੇ ਸਾਫ਼ ਸਲਾਹ ਦਿੱਤੀ ਸੀ ਕਿ ਪਾਰਕ ਜਨਤਕ ਸਥਾਨ ਹੈ ਅਤੇ ਇੱਥੇ ਕਿਸੇ ਵੀ ਤਰ੍ਹਾਂ ਦਾ ਨਿੱਜੀ ਕਬਜ਼ਾ ਕਾਬਿਲ-ਏ-ਬਰਦਾਸ਼ਤ ਨਹੀਂ।

ਇੰਸਪੈਕਟਰ ਵਿਸ਼ਾਲ ਵਰਮਾ ਨੇ ਕਿਹਾ ਇਹ ਕਬਜ਼ਾ ਲੰਬੇ ਸਮੇਂ ਤੋਂ ਚਲ ਰਿਹਾ ਸੀ ਅਤੇ ਕਈ ਵਾਰ ਨੋਟਿਸ ਜਾਰੀ ਕੀਤੇ ਗਏ, ਪਰ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਿਆ। ਅੱਜ ਅਸੀਂ ਨਿਗਮ ਟੀਮ ਅਤੇ ਪੁਲਿਸ ਦੇ ਸਹਿਯੋਗ ਨਾਲ ਇਹ ਜਾਇਦਾਦ ਮੁੜ ਕਬਜ਼ਾ ਮੁਕਤ ਕਰਵਾਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਪਟਿਆਲਾ ਕਿਸੇ ਵੀ ਜਨਤਕ ਥਾਂ ਉੱਤੇ ਨਜਾਇਜ਼ ਕਬਜ਼ੇ ਨੂੰ ਸਹਿਣ ਨਹੀਂ ਕਰੇਗਾ।

ਮੇਅਰ ਕੁੰਦਨ ਗੋਗੀਆ ਨੇ ਕਾਰਵਾਈ ਦੀ ਸਾਰੀ ਟੀਮ ਦੀ ਸਿਫ਼ਤ ਕਰਦਿਆਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੀ ਸੁਚੱਜੀ ਯੋਜਨਾ ਅਨੁਸਾਰ ਵਿਕਾਸ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਜਨਤਕ ਥਾਵਾਂ ‘ਤੇ ਕਬਜ਼ਾ ਕਰਨਾ ਕਾਨੂੰਨੀ ਤੌਰ ‘ਤੇ ਗਲਤ ਹੈ ਅਤੇ ਨਿਗਮ ਅਜਿਹੀਆਂ ਹਰਕਤਾਂ ਖਿਲਾਫ਼ ਸੁਤੰਤਰ ਅਤੇ ਸਖ਼ਤ ਰਵੱਈਆ ਅਪਣਾਏਗਾ।

ਕਮਿਸ਼ਨਰ ਪਰਮਵੀਰ ਸਿੰਘ ਨੇ ਵੀ ਚੇਤਾਵਨੀ ਦਿੰਦਿਆਂ ਕਿਹਾ ਕਿ ਨਗਰ ਨਿਗਮ ਵਲੋਂ ਅਗਲੇ ਦਿਨਾਂ ਵਿੱਚ ਹੋਰ ਵੀ ਅਜਿਹੇ ਕਬਜ਼ੇ ਚਿਨ੍ਹ ਕੇ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ ਦੀ ਰੱਖਿਆ ਵਿੱਚ ਨਿਗਮ ਨਾਲ ਸਹਿਯੋਗ ਦੇਣ, ਅਤੇ ਕਿਸੇ ਵੀ ਵਿਅਕਤੀ ਜਾਂ ਸੰਗਠਨ ਵਲੋਂ ਜੇਕਰ ਜਨਤਕ ਥਾਂ ਉੱਤੇ ਕਬਜ਼ਾ ਕੀਤਾ ਜਾਂਦਾ ਹੈ, ਤਾਂ ਉਸਦੀ ਸ਼ਿਕਾਇਤ ਨਿਗਮ ਨੂੰ ਤੁਰੰਤ ਦਿੱਤੀ ਜਾਵੇ।

Leave a Comment

Your email address will not be published. Required fields are marked *

Scroll to Top