ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਆਗਾਜ਼

ਪਟਿਆਲਾ : ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਪ੍ਰਿੰਸੀਪਲ ਪ੍ਰੋਫੈਸਰ (ਡਾ.) ਵਨੀਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਆਰੰਭ ਕੀਤਾ ਗਿਆ। ਮਿਤੀ 20-02-2026 ਤੋਂ ਮਿਤੀ 26-02-2026 ਤੱਕ ਦੇ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦੇ ਕੋਆਰਡੀਨੇਟਰ ਅਸਿ. ਪ੍ਰੋ. ਜਗਦੇਵ ਸਿੰਘ ਅਤੇ ਅਸਿ. ਪ੍ਰੋ. ਮੂਰਤੀ ਕੌਰ ਹਨ। ਕੈਂਪ ਦੇ ਉਦਘਾਟਨੀ ਸਮਾਰੋਹ ਦਾ ਆਗਾਜ਼ ਕਾਲਜ ਧੁਨੀ ਨਾਲ ਕੀਤਾ ਗਿਆ।

ਕਾਲਜ ਪ੍ਰਿੰਸੀਪਲ ਪ੍ਰੋਫੈਸਰ (ਡਾ.) ਵਨੀਤਾ ਰਾਣੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਐਨ.ਐਸ.ਐਸ ਵਲੰਟੀਅਰ ਨੂੰ ਵਧਾਈ ਦਿੰਦੇ ਹੋਏ ਇਸ ਕੈਂਪ ਵਿੱਚ ਲਗਨ ਅਤੇ ਮਿਹਨਤ ਨਾਲ ਸ਼ੋਸ਼ਲ ਵਰਕ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਭਵਿੱਖ ਦੇ ਅਧਿਆਪਕ ਹੋਣ ਦੇ ਨਾਤੇ ਸਾਡੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੱਧ ਚੜ੍ਹ ਕੇ ਸਮਾਜਿਕ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਇਸ ਕੈਂਪ ਦੇ ਉਦਘਾਟਨੀ ਸਮਾਰੋਹ ਵਿੱਚ ਪ੍ਰਿੰਸੀਪਲ ਪ੍ਰੋ.(ਡਾ.)ਆਰ.ਕੇ.ਸ਼ਰਮਾ (ਰਿਟਾ.) ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਨੇ ਬਤੌਰ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਪ੍ਰੋ.(ਡਾ.) ਨੀਲਮਜੀਤ ਕੌਰ (ਰਿਟਾ.) ਪ੍ਰਿੰਸੀਪਲ ਗੌਰਮਿੰਟ (ਸਟੇਟ) ਕਾਲਜ ਆਫ ਐਜੂਕੇਸ਼ਨ, ਪਟਿਆਲਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ ਗਈ।

ਡਾ. ਆਰ.ਕੇ. ਸ਼ਰਮਾ ਵੱਲੋਂ ਵਲੰਟੀਅਰਜ਼ ਨੂੰ ਐਨ.ਐਸ.ਐਸ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹੋਏ ਇਸ ਦੀ ਮਹੱਤਤਾ ਬਾਰੇ ਦਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਚ ਸਿੱਖਿਆ ਹਾਸਲ ਕਰਨ ਦੇ ਨਾਲ-ਨਾਲ ਸਿੱਖਿਆ ਦੇ ਵੱਖ-ਵੱਖ ਖੇਤਰਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਜ਼ਰੀਏ ਹੀ ਅਸੀਂ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਡਾ. ਨੀਲਮਜੀਤ ਕੌਰ ਜੀ ਨੇ ਐਨ.ਐਸ.ਐਸ. ਵਲੰਟੀਅਰਜ਼ ਨੂੰ ਸਮਾਜ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਨੇ ਵਲੰਟੀਅਰਜ਼ ਨੂੰ ਗੋਦ ਲਈਆਂ ਬਸਤੀਆਂ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਬਾਰੇ,

ਪਾਣੀ ਦੇ ਸਾਧਨਾਂ ਦੀ ਉਚਿਤ ਵਰਤੋਂ, ਪਲਾਸਟਿਕ ਦੀ ਮੁਕਤੀ ਸੰਬੰਧੀ, ਵਾਤਾਵਾਰਣ ਨੂੰ ਸਵੱਛ ਰੱਖਣ ਵਾਸਤੇ, ਵਾਯੂਮੰਡਲ ਵਿੱਚ ਓਜੋਨ ਪਰਤ ਨੂੰ ਸੁਰੱਖਿਅਤ ਰੱਖਣ ਲਈ ਪ੍ਰੇਰਿਤ ਕਰਨ ਲਈ ਕਿਹਾ। ਮੰਚ ਦਾ ਸੰਚਾਲਨ ਅਸਿ. ਪ੍ਰੋ. ਮੂਰਤੀ ਕੌਰ ਵੱਲੋਂ ਕੀਤਾ ਗਿਆ। ਉਨ੍ਹਾਂ ਵੱਲੋਂ ਵਲੰਟੀਅਰਜ਼ ਨੂੰ ਸ਼ੋਸ਼ਲ ਡਿਊਟੀ ਬਾਰੇ ਜਾਗਰੂਕ ਕੀਤਾ ਗਿਆ। ਸ. ਰੁਪਿੰਦਰ ਸਿੰਘ (ਲਾਇਬ੍ਰੇਰੀਅਨ) ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਲਜ ਦੇ ਕਾਉਂਸਲ ਮੈਂਬਰਜ਼, ਸਟਾਫ਼ ਅਤੇ ਐਨ.ਐਸ.ਐਸ. ਵਲੰਟੀਅਰਜ਼ ਹਾਜ਼ਰ ਸਨ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ।

Scroll to Top