ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਰਾਏਪੁਰ ਮੰਡਲਾਂ ਵਿਖੇ  ਵਿਸ਼ੇਸ਼ ਗੁਰਮਤਿ ਸਮਾਗਮ

ਪਟਿਆਲਾ, ਬਹਾਦਰਗੜ੍ਹ, 12 ਨਵੰਬਰ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਰਾਏਪੁਰ ਮੰਡਲਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੀਆਰਟੀਸੀ ਦੇ ਰਣਜੋਧ ਸਿੰਘ ਹਡਾਣਾ ਅਤੇ ਐਸਡੀਐਮ ਪਟਿਆਲਾ ਹਰਜੋਤ ਕੌਰ, ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ, ਬੀਡੀਪੀਓ ਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਸੰਗਤ ਇਸ ਮੌਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਈ।

ਸਮਾਗਮ ਦੌਰਾਨ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ, ਜਿਸ ਨਾਲ ਸਾਰਾ ਦਰਬਾਰ ਸਾਹਿਬ ਗੁਰੂ ਜੀ ਦੇ ਨਾਮ ਨਾਲ ਗੂੰਜ ਉਠਿਆ। ਸੰਗਤਾਂ ਨੇ ਪੂਰਨ ਸ਼ਰਧਾ ਅਤੇ ਭਾਵਨਾ ਨਾਲ ਗੁਰੂ ਸਾਹਿਬ ਦੀ ਬਾਣੀ ਦਾ ਆਨੰਦ ਮਾਣਿਆ। ਇਸ ਮੌਕੇ ਸ. ਹਡਾਣਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਬਲਿਦਾਨ ਅਤੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਨੇ ਕਿਸੇ ਦੂਸਰੇ ਧਰਮ ਦੀ ਰੱਖਿਆ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ‘ਤੇ ਚੱਲ ਕੇ ਸੱਚਾਈ, ਨਿਮਰਤਾ ਅਤੇ ਏਕਤਾ ਦੇ ਰਾਹ ‘ਤੇ ਤੁਰਨਾ ਚਾਹੀਦਾ ਹੈ।ਚੇਅਰਮੈਨ ਹਡਾਣਾ ਨੇ ਦੱਸਿਆ ਕਿ ਪਟਿਆਲਾ ਵਿਖੇ 18 ਨਵੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕੀਰਤਨ ਦਰਬਾਰ ਕਰਵਾਉਣ ਸਮੇਤ 21 ਨਵੰਬਰ ਨੂੰ ਨਗਰ ਕੀਰਤਨ ਪਟਿਆਲਾ ਪੁੱਜੇਗਾ, ਇਸ ਲਈ ਸਮੂਹ ਸੰਗਤ ਨੂੰ ਹੁੰਮ-ਹੁੰਮਾ ਕੇ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਬੇਨਤੀ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ, ਸਥਾਨਕ ਸੰਗਤ, ਪੰਚਾਂ, ਸਰਪੰਚ ਅਤੇ ਇਲਾਕੇ ਦੇ ਪਤਵੰਤੇ ਵਿਅਕਤੀਆਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰੀ।

 

Scroll to Top