ਪਟਿਆਲਾ, 24 ਨਵੰਬਰ -ਪੰਜਾਬੀ ਯੂਨੀਵਰਸਿਟੀ ਦੇ ਲੋਕ ਪ੍ਰਸ਼ਾਸਨ ਵਿਭਾਗ ਤੋਂ ਪੰਜ ਖੋਜਾਰਥੀਆਂ ਨੇ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਆਈ. ਆਈ. ਪੀ.ਏ.), ਨਵੀਂ ਦਿੱਲੀ ਵੱਲੋਂ ਕਰਵਾਈ ਗਈ ਦੋ ਦਿਨਾ ਰਾਸ਼ਟਰੀ ਕਾਨਫ਼ਰੰਸ ਵਿੱਚ ਆਪਣੇ ਖੋਜ ਪੱਤਰ ਪੇਸ਼ ਕੀਤੇ।
ਵਿਭਾਗ ਮੁਖੀ ਡਾ. ਰੇਣੂ ਵੀ ਇਸ ਕਾਨਫ਼ਰੰਸ ਵਿੱਚ ਸ਼ਾਮਿਲ ਹੋਏ। ਉਨ੍ਹਾਂ ਦੱਸਿਆ ਕਿ ਆਈ. ਆਈ. ਪੀ.ਏ.,ਨਵੀਂ ਦਿੱਲੀ ਭਾਰਤ ਸਰਕਾਰ ਦੇ ਕਰਮਚਾਰੀ ਤੇ ਸਿਖਲਾਈ ਵਿਭਾਗ ਅਧੀਨ ਕਰਜਸ਼ੀਲ ਪ੍ਰਮੁੱਖ ਖੋਜ ਤੇ ਸਿਖਲਾਈ ਸੰਸਥਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਨਫ਼ਰੰਸ ਵਿੱਚ ਚਾਰ ਪੀਐੱਚ.ਡੀ. ਖੋਜਾਰਥੀ, ਜਿਨ੍ਹਾਂ ਵਿੱਚ ਅਰਸ਼ਪ੍ਰੀਤ ਕੌਰ, ਮਨਦੀਪ ਸਿੰਘ, ਅਮਰਪ੍ਰੀਤ ਸਿੰਘ ਅਤੇ ਜਸਪ੍ਰੀਤ ਕੌਰ ਸ਼ਾਮਿਲ ਹੋਏ ਜਦੋਂਕਿ ਇੱਕ ਪੀਐੱਚ.ਡੀ. ਕਰ ਚੁੱਕੇ ਖੋਜਾਰਥੀ ਡਾ. ਹਰਪ੍ਰੀਤ ਸਿੰਘ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਇਸ ਸ਼ਮੂਲੀਅਤ ਨਾਲ਼ ਪੰਜਾਬੀ ਯੂਨੀਵਰਸਿਟੀ ਦੇ ਲੋਕ ਪ੍ਰਸ਼ਾਸਨ ਵਿਭਾਗ ਦੇ ਅਕਾਦਮਿਕ ਮਿਆਰ ਅਤੇ ਸਾਰਥਕ ਖੋਜ ਪ੍ਰਤੀ ਵਚਨਬੱਧਤਾ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਮਿਲੀ ਹੈ।