ਖ਼ਾਲਸਾ ਕਾਲਜ ਵਿੱਚ ਐਂਟੀ-ਰੈਗਿੰਗ ਹਫਤੇ ਦੀ ਸ਼ੁਰੂਆਤ

ਪਟਿਆਲਾ, 12 ਅਗਸਤ 2025 : ਜੀ.ਐਸ.ਐਸ.ਡੀ.ਜੀ.ਐਸ. ਖਾਲਸਾ ਕਾਲਜ ਨੇ ਐਂਟੀ-ਰੈਗਿੰਗ ਹਫਤੇ ਦੀ ਸ਼ੁਰੂਆਤ ਇੱਕ ਪ੍ਰਭਾਵਸ਼ਾਲੀ ਅਤੇ ਸਿਰਜਨਾਤਮਕ ਪਹਿਲਕਦਮੀ ਨਾਲ ਕੀਤੀ, ਜਿਸ ਵਿੱਚ ਏਕਤਾ, ਸਤਿਕਾਰ ਅਤੇ ਸਾਂਝੀ ਜ਼ਿੰਮੇਵਾਰੀ ਦਾ ਸੁਨੇਹਾ ਸਪੱਸ਼ਟ ਤੌਰ ‘ਤੇ ਗੂੰਜਿਆ। ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਕਾਲਜ ਦੇ ਤਿੰਨ ਵੱਖ-ਵੱਖ ਸਥਾਨਾਂ ‘ਤੇ ਇਕੋ ਸਮੇਂ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤੇ ਗਏ।

ਇਸ ਮੌਕੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਅਤੇ ਐਂਟੀ-ਰੈਗਿੰਗ ਸੈੱਲ ਦੀ ਕਨਵੀਨਰ ਡਾ. ਰੂਬਲ ਬਰਾੜ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਸੁਰੱਖਿਅਤ ਅਤੇ ਸਦਭਾਵਨਾਪੂਰਨ ਵਾਤਾਵਰਣ ਬਣਾਉਣ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ। ਡਾ. ਉੱਭਾ ਨੇ ਕਾਲਜ ਦੀ ਰੈਗਿੰਗ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਨੂੰ ਦੁਹਰਾਉਂਦਿਆਂ ਕਿਹਾ ਕਿ ਰੈਗਿੰਗ ਨਾ ਸਿਰਫ਼ ਕਾਨੂੰਨੀ ਅਪਰਾਧ ਹੈ, ਸਗੋਂ ਇਹ ਸਾਡੀ ਸੰਸਥਾ ਦੇ ਮੁੱਲਾਂ ਸਤਿਕਾਰ, ਸੁਰੱਖਿਆ ਅਤੇ ਸਦਭਾਵਨਾ ਦੀ ਉਲੰਘਣਾ ਵੀ ਹੈ। ਇੱਕ ਰੈਗਿੰਗ-ਮੁਕਤ ਕੈਂਪਸ ਬਣਾਉਣਾ ਸਿਰਫ਼ ਕੁਝ ਲੋਕਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਾਡੇ ਸਾਰਿਆਂ ਦਾ ਸਾਂਝਾ ਫਰਜ਼ ਹੈ।

ਡਾ. ਰੂਬਲ ਬਰਾੜ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਡਰ ਨੂੰ ਦੋਸਤੀ ਅਤੇ ਰੰਜਿਸ਼ ਨੂੰ ਸਤਿਕਾਰ ਨਾਲ ਬਦਲਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, “ਕਾਲਜ ਇੱਕ ਅਜਿਹੀ ਥਾਂ ਹੈ ਜਿੱਥੇ ਜੀਵਨ ਭਰ ਦੀਆਂ ਦੋਸਤੀਆਂ ਬਣਦੀਆਂ ਹਨ, ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਅਤੇ ਅਸੀਂ ਸਮੂਹਿਕ ਤੌਰ ‘ਤੇ ਜ਼ਿੰਮੇਵਾਰ ਨਾਗਰਿਕ ਵਜੋਂ ਵਿਕਸਤ ਹੁੰਦੇ ਹਾਂ।

ਓਰੀਐਂਟੇਸ਼ਨ ਸੈਸ਼ਨਾਂ ਦਾ ਆਯੋਜਨ ਭਾਈ ਗੁਰਦਾਸ ਕਾਨਫਰੰਸ ਹਾਲ ਵਿੱਚ ਡਾ. ਹਰਪ੍ਰੀਤ ਕੌਰ, ਸੈਮੀਨਾਰ ਹਾਲ ਵਿੱਚ ਡਾ. ਸਤਵਿੰਦਰ ਕੌਰ ਅਤੇ ਭਾਈ ਨੰਦ ਲਾਲ ਆਡੀਟੋਰੀਅਮ ਵਿੱਚ ਡਾ. ਪਰਮਪ੍ਰੀਤ ਕੌਰ ਨੇ ਕੀਤਾ ਗਿਆ। ਇਨ੍ਹਾਂ ਸੈਸ਼ਨਾਂ ਵਿੱਚ ਤਿੰਨ ਮੁੱਖ ਵਿਸ਼ਿਆਂ ਐਂਟੀ-ਰੈਗਿੰਗ ਕਾਨੂੰਨਾਂ ਦੀ ਸਮਝ, ਸ਼ਿਕਾਇਤ ਅਤੇ ਸਹਾਇਤਾ ਵਿਵਸਥਾ ਅਤੇ ਸੁਰੱਖਿਅਤ ਸਿੱਖਿਆ ਦਾ ਮਾਹੌਲ ਤੇ ਚਰਚਾ ਕੀਤੀ ਗਈ।
ਵਿਦਿਆਰਥੀਆਂ ਨੂੰ “ਨੋ ਰੈਗਿੰਗ, ਜਸਟ ਬੌਂਡਿੰਗ”ਦੀ ਭਾਵਨਾ ਨੂੰ ਅਪਣਾਉਣ ਲਈ ਸਾਰਥਕ ਗਤੀਵਿਧੀਆਂ ਅਤੇ ਚਰਚਾਵਾਂ ਰਾਹੀਂ ਸਕਾਰਾਤਮਕ ਸਾਥੀ ਸੰਪਰਕ ਵੱਲ ਪ੍ਰੇਰਿਤ ਕੀਤਾ ਗਿਆ। ਸੈਸ਼ਨਾਂ ਦੇ ਅੰਤ ਵਿੱਚ ਖੁੱਲ੍ਹੀ ਚਰਚਾ ਹੋਈ, ਜਿਸ ਵਿੱਚ ਵਿਦਿਆਰਥੀਆਂ ਨੇ ਸਹਿਚਾਰੀ ਮਾਹੌਲ ਬਣਾਉਣ ਵਿੱਚ ਆਪਣੀ ਭੂਮਿਕਾ ‘ਤੇ ਵਿਚਾਰ ਸਾਂਝੇ ਕੀਤੇ।
ਐਂਟੀ-ਰੈਗਿੰਗ ਹਫਤੇ ਦੀਆਂ ਬਾਕੀ ਗਤੀਵਿਧੀਆਂ ਵੀ ਇਸੇ ਜੋਸ਼ ਅਤੇ ਉਦੇਸ਼ ਨਾਲ ਜਾਰੀ ਰਹਿਣਗੀਆਂ।

Leave a Comment

Your email address will not be published. Required fields are marked *

Scroll to Top