ਪਟਿਆਲਾ, 9 ਮਾਰਚ : ਪਟਿਆਲਾ ਦੇ ਪ੍ਰਮੁੱਖ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਪਟਿਆਲਾ ਵਿਖੇ ਅੱਜ ਉਸ ਸਮੇਂ ਜਸ਼ਨ ਦਾ ਮਾਹੌਲ ਬਣ ਗਿਆ ਜਦੋਂ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਵਿੱਚੋਂ 15ਵਾਂ ਰੈਂਕ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕਰਨ ਵਾਲੀ ਹੋਣਹਾਰ ਵਿਦਿਆਰਥਣ ਸਿਮਰਨਦੀਪ ਕੌਰ ਨੇ ਕਾਲਜ ਕੈਂਪਸ ਵਿੱਚ ਸ਼ਿਰਕਤ ਕੀਤੀ। ਕਾਲਜ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸਿਮਰਨਦੀਪ ਕੌਰ ਦਾ ਫੁੱਲਾਂ ਦੇ ਹਾਲ ਅਤੇ ਨਿੱਘੀ ਜੀ ਆਇਆਂ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਖ਼ੁਸ਼ੀ ਦੇ ਮੌਕੇ ‘ਤੇ ਸਿਮਰਨਦੀਪ ਕੌਰ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਸਮਾਗਮ ਦੌਰਾਨ ਕਾਲਜ ਦੀ ਰੀਤ ਅਨੁਸਾਰ ਸਿਮਰਨਦੀਪ ਕੌਰ ਨੂੰ ਉਸ ਦੀ ਅਦੁੱਤੀ ਸਫ਼ਲਤਾ ਲਈ ਕਾਲਜ ਦਾ ਸਰਵ-ਉੱਤਮ ਅਵਾਰਡ ‘ਕਾਲਜ ਰਤਨ’ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿਮਰਨਦੀਪ ਕੌਰ ਭਾਵੁਕ ਨਜ਼ਰ ਆਈ। ਉਸ ਨੇ ਆਪਣੀ ਇਸ ਸ਼ਾਨਦਾਰ ਪ੍ਰਾਪਤੀ ਦਾ ਸਾਰਾ ਸਿਹਰਾ ਆਪਣੇ ਮਾਪਿਆਂ ਦੇ ਸਹਿਯੋਗ ਅਤੇ ਖ਼ਾਲਸਾ ਕਾਲਜ ਦੇ ਅਕਾਦਮਿਕ ਵਾਤਾਵਰਣ ਨੂੰ ਦਿੱਤਾ। ਉਸ ਨੇ ਦੱਸਿਆ ਕਿ ਕਾਲਜ ਵਿੱਚ ਪੜ੍ਹਾਈ ਦੌਰਾਨ ਹਾਸਲ ਕੀਤੇ ਗਿਆਨ, ਅਨੁਭਵ ਅਤੇ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਨੇ ਹੀ ਉਸ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕੀਤਾ, ਜਿਸ ਸਦਕਾ ਉਹ ਦੇਸ਼ ਦੀ ਸਭ ਤੋਂ ਕਠਿਨ ਪ੍ਰੀਖਿਆ ਵਿੱਚੋਂ ਮੋਹਰੀ ਰੈਂਕ ਹਾਸਲ ਕਰਨ ਦੇ ਯੋਗ ਹੋ ਸਕੀ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸਿਮਰਨਦੀਪ ਕੌਰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਿਰਫ਼ ਕਾਲਜ ਲਈ ਹੀ ਨਹੀਂ, ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿਮਰਨਦੀਪ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਨਿਸ਼ਾਨਾ ਮਿੱਥ ਕੇ ਸਖ਼ਤ ਮਿਹਨਤ ਕੀਤੀ ਜਾਵੇ ਤਾਂ ਕੋਈ ਵੀ ਮੁਕਾਮ ਹਾਸਲ ਕਰਨਾ ਅਸੰਭਵ ਨਹੀਂ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਿਮਰਨਦੀਪ ਕੌਰ ਇੱਕ ਇਮਾਨਦਾਰ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਦੇਸ਼ ਦੀ ਸੇਵਾ ਕਰੇਗੀ ਅਤੇ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣੇਗੀ।
ਇਸੇ ਤਰ੍ਹਾਂ ਪੋਲੀਟੀਕਲ ਸਾਇੰਸ ਵਿਭਾਗ ਦੇ ਮੁਖੀ ਡਾ. ਜਗਤਾਰ ਸਿੰਘ ਨੇ ਵੀ ਆਪਣੇ ਵਿਭਾਗ ਦੀ ਵਿਦਿਆਰਥਣ ਦੀ ਇਸ ਉਪਲਬਧੀ ‘ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਸਿਮਰਨਦੀਪ ਕੌਰ ਹਮੇਸ਼ਾ ਹੀ ਪੜ੍ਹਾਈ ਵਿੱਚ ਅੱਵਲ ਅਤੇ ਜਿਗਿਆਸੂ ਬਿਰਤੀ ਵਾਲੀ ਵਿਦਿਆਰਥਣ ਰਹੀ ਹੈ। ਉਸ ਦੀ ਇਸ ਸਫ਼ਲਤਾ ਨੇ ਵਿਭਾਗ ਦਾ ਸਿਰ ਉੱਚਾ ਕਰ ਦਿੱਤਾ ਹੈ। ਇਸ ਮੌਕੇ ਸਮੂਹ ਸਟਾਫ ਮੈਂਬਰਾਂ ਨੇ ਸਿਮਰਨਦੀਪ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਾਲਜ ਵੱਲੋਂ ਮਠਿਆਈਆਂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ ਗਈ। ਇਹ ਸਮਾਗਮ ਕਾਲਜ ਦੇ ਬਾਕੀ ਵਿਦਿਆਰਥੀਆਂ ਵਿੱਚ ਵੀ ਨਵਾਂ ਉਤਸ਼ਾਹ ਭਰ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ, ਵਾਈਸ ਪ੍ਰਿੰਸੀਪਲ ਡਾ. ਹਰਵਿੰਦਰ ਕੌਰ, ਵੱਖ ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਸਟਾਫ ਮੈਂਬਰ ਹਾਜ਼ਰ ਸਨ।