ਪਟਿਆਲਾ, 23 ਫਰਵਰੀ – ਨਗਰ ਨਿਗਮ ਪਟਿਆਲਾ ਦੇ ਕੰਮਕਾਜ ਨੂੰ ਆਧੁਨਿਕ ਲੀਹਾਂ ‘ਤੇ ਪਾਉਣ ਅਤੇ ਪਾਰਦਰਸ਼ਤਾ ਲਿਆਉਣ ਲਈ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਇੱਕ ਅਹਿਮ ਡਿਜੀਟਲ ਪਹਿਲਕਦਮੀ ਕੀਤੀ ਗਈ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਜਨਰਲ ਹਾਊਸ ਦੀਆਂ ਮੀਟਿੰਗਾਂ ਨੂੰ ਪੂਰੀ ਤਰ੍ਹਾਂ ‘ਈ-ਨਿਗਮ ਪੋਰਟਲ’ ਰਾਹੀਂ ਡਿਜੀਟਲ ਕਰਨ ਦੀ ਤਿਆਰੀ ਕਰ ਲਈ ਗਈ ਹੈ। ਇਸ ਪ੍ਰਣਾਲੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਮੂਹ ਕੌਂਸਲਰਾਂ ਨੂੰ ਟੈਬਲੇਟ ਰਾਹੀਂ ਪੋਰਟਲ ਦੀ ਵਰਤੋਂ ਕਰਨ ਦੀ ਸਿਖਲਾਈ ਦੇਣ ਲਈ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ।
ਇਸ ਮੌਕੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਨੇ ਕਿਹਾ ਕਿ ਨਗਰ ਨਿਗਮ ਦੇ ਕੰਮਕਾਜ ਨੂੰ ਡਿਜੀਟਲ ਕਰਨ ਨਾਲ ਜਿੱਥੇ ਕਾਗਜ਼ੀ ਕਾਰਵਾਈ ਘਟੇਗੀ, ਉਥੇ ਹੀ ਮੀਟਿੰਗਾਂ ਦਾ ਰਿਕਾਰਡ ਵੀ ਸੁਰੱਖਿਅਤ ਅਤੇ ਡਿਜੀਟਲ ਰੂਪ ਵਿੱਚ ਉਪਲਬਧ ਰਹੇਗਾ। ਇਸ ਦੇ ਨਾਲ ਹੀ ਇਸ ਉੱਦਮ ਨਾਲ ਵਿਕਾਸ ਕਾਰਜਾਂ ਅਤੇ ਮਤਿਆਂ ਦੀ ਪ੍ਰਵਾਨਗੀ ਦੀ ਰਫ਼ਤਾਰ ਵਿੱਚ ਵੀ ਵੱਡਾ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਫਰਵਰੀ 2026 ਤੋਂ ਬਾਅਦ ਜਨਰਲ ਹਾਊਸ ਦੀਆਂ ਸਾਰੀਆਂ ਮੀਟਿੰਗਾਂ ਈ-ਨਿਗਮ ਪੋਰਟਲ ‘ਤੇ ਹੀ ਕੀਤੀਆਂ ਜਾਣੀਆਂ ਹਨ, ਜਿਸ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਹੋਰ ਵੀ ਬਿਹਤਰ ਤਰੀਕੇ ਨਾਲ ਹੋ ਸਕੇਗੀ।
ਉਨ੍ਹਾਂ ਕਿਹਾ ਕਿ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ, ਕੌਂਸਲਰਾਂ ਦੀ ਸਹੂਲਤ ਲਈ ਡਾ. ਅੰਬੇਡਕਰ ਸਾਹਿਬ ਹਾਲ, ਨਗਰ ਨਿਗਮ ਪਟਿਆਲਾ ਵਿਖੇ ਟ੍ਰੈਨਿੰਗ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ. ਪਹਿਲਾ 23 ਫਰਵਰੀ ਨੂੰ ਵਾਰਡ ਨੰਬਰ 1 ਤੋਂ 30 ਤੱਕ ਦੇ ਕੌਂਸਲਰਾਂ ਲਈ ਸਵੇਰੇ 10:30 ਤੋਂ 11:30 ਵਜੇ ਤੱਕ ਅਤੇ ਦੂਜਾ ਦਿਨ 24 ਫਰਵਰੀ ਵਾਰਡ ਨੰਬਰ 31 ਤੋਂ 60 ਤੱਕ ਦੇ ਕੌਂਸਲਰਾਂ ਲਈ ਭਲਕੇ ਸਵੇਰੇ 10:30 ਤੋਂ 11:30 ਵਜੇ ਤੱਕ ਟ੍ਰੇਨਿੰਗ ਸੈਸ਼ਨ ਰੱਖਿਆ ਗਿਆ ਹੈ ।
ਮੇਅਰ ਨੇ ਕਿਹਾ ਕਿ ਫਰਵਰੀ 2026 ਤੋਂ ਬਾਅਦ ਹੋਣ ਵਾਲੀਆਂ ਜਨਰਲ ਹਾਊਸ ਦੀਆਂ ਮੀਟਿੰਗਾਂ ਈ-ਨਿਗਮ ਪੋਰਟਲ ‘ਤੇ ਹੀ ਕਰਵਾਈਆਂ ਜਾਣੀਆਂ ਹਨ। ਇਸ ਲਈ ਇਹ ਸਿਖਲਾਈ ਬੇਹੱਦ ਜ਼ਰੂਰੀ ਹੈ ਤਾਂ ਜੋ ਮੀਟਿੰਗ ਦੌਰਾਨ ਕੌਂਸਲਰਾਂ ਨੂੰ ਕਿਸੇ ਤਕਨੀਕੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।