ਪਟਿਆਲਾ, 26 ਫਰਵਰੀ – ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ-ਮੁਕਤ ਬਣਾਉਣ ਦੇ ਉਦੇਸ਼ ਨਾਲ “ਕਲੀਨ ਪਟਿਆਲਾ” ਮੁਹਿੰਮ ਅਧੀਨ ਵਾਰਡ ਨੰਬਰ 28 ਵਿੱਚ ਸਥਿਤ ਅਕਾਲ ਢੁਡਿਆਲ ਅਕੈਡਮੀ ਵਿੱਚ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਇੰਡੀਆਨ ਪੋਲਿਊਸ਼ਨ ਕੰਟਰੋਲ ਅਸੋਸੀਏਸ਼ਨ ਵੱਲੋਂ ਪੰਜਾਬ ਪਲਾਸਟਿਕ ਵੇਸਟ ਮੈਨੇਜਮੈਂਟ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਦਾ ਮੁੱਖ ਮਕਸਦ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਵੇਸਟ ਸੇਗਰੇਗੇਸ਼ਨ ਬਾਰੇ ਜਾਗਰੂਕ ਕਰਨਾ ਸੀ।
ਇਸ ਮੌਕੇ ਆਈ ਪੀ ਸੀ ਏ ਦੀ ਟੀਮ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਦੇ ਕਰਮਚਾਰੀਆਂ ਨੂੰ ਮੌਕੇ ‘ਤੇ ਹੀ ਕਚਰੇ ਦੀ ਛਾਂਟ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਰ ਅਤੇ ਸਕੂਲ ਪੱਧਰ ‘ਤੇ ਗੀਲਾ ਅਤੇ ਸੁੱਕਾ ਕਚਰਾ ਵੱਖ-ਵੱਖ ਕਰਨਾ ਪ੍ਰਦੂਸ਼ਣ ਘਟਾਉਣ, ਰੀਸਾਈਕਲਿੰਗ ਵਧਾਉਣ ਅਤੇ ਸਫ਼ਾਈ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ। ਟੀਮ ਵੱਲੋਂ ਲਾਈਵ ਡੈਮੋ ਦੇ ਕੇ ਇਹ ਵੀ ਸਮਝਾਇਆ ਗਿਆ ਕਿ ਕਿਵੇਂ ਸਧਾਰਣ ਤਰੀਕਿਆਂ ਨਾਲ ਕਚਰੇ ਦੀ ਛਾਂਟ ਕੀਤੀ ਜਾ ਸਕਦੀ ਹੈ।
ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀ ਸਮਾਜ ਦਾ ਭਵਿੱਖ ਹਨ ਅਤੇ ਜੇਕਰ ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਸਫ਼ਾਈ ਅਤੇ ਵਾਤਾਵਰਣ ਸੰਰਖਣ ਬਾਰੇ ਜਾਗਰੂਕ ਕੀਤਾ ਜਾਵੇ, ਤਾਂ ਆਉਣ ਵਾਲੀ ਪੀੜ੍ਹੀ ਹੋਰ ਜ਼ਿੰਮੇਵਾਰ ਨਾਗਰਿਕ ਬਣ ਸਕਦੀ ਹੈ। ਮੋਟੀਵੇਟਰ ਸ਼੍ਰੀ ਦੀਪਾਂਸ਼ੂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਫ਼-ਸੁਥਰਾ ਮਾਹੌਲ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਦਰੋਗਾ ਸ਼੍ਰੀ ਹੇਮਰਾਜ ਅਤੇ ਸੁਪਰਵਾਈਜ਼ਰ ਸ਼੍ਰੀ ਵਿਕਰਮ ਵੀ ਮੌਜੂਦ ਰਹੇ, ਜਿਨ੍ਹਾਂ ਨੇ ਮੁਹਿੰਮ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਸਫ਼ਾਈ ਮੁਹਿੰਮਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ।
ਇੰਟਰਐਕਟਿਵ ਚਰਚਾ ਅਤੇ ਪੰਫਲੈਟ ਵੰਡ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਘਰਾਂ ਅਤੇ ਇਲਾਕੇ ਵਿੱਚ ਵੀ ਵੇਸਟ ਸੇਗਰੇਗੇਸ਼ਨ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ‘ਤੇ ਆਈ ਪੀ ਸੀ ਏ ਦੇ ਪ੍ਰਤਿਨਿਧੀਆਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਪਟਿਆਲਾ ਦੇ ਵੱਖ-ਵੱਖ ਸਕੂਲਾਂ ਅਤੇ ਸੰਸਥਾਵਾਂ ਵਿੱਚ ਇਸ ਤਰ੍ਹਾਂ ਦੇ ਹੋਰ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ ਤਾਂ ਜੋ “ਕਲੀਨ ਪਟਿਆਲਾ” ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।