ਕਟਕ ਦੇ ਵੱਡੇ ਸਰਕਾਰੀ ਹਸਪਤਾਲ ‘ਚ ਭਿਆਨਕ ਅੱਗ, 10 ਮਰੀਜ਼ਾਂ ਦੀ ਮੌਤ

ਉੜੀਸਾ, 16 ਮਾਰਚ : ਉੜੀਸਾ ਦੇ ਕਟਕ ਸ਼ਹਿਰ ਸਥਿਤ ਐਸਸੀਬੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਐਤਵਾਰ ਅੱਧੀ ਰਾਤ ਤੋਂ ਬਾਅਦ ਵਾਪਰੀ ਅੱਗ ਦੀ ਦਰਦਨਾਕ ਘਟਨਾ ਵਿੱਚ 10 ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਅੱਗ ਰਾਤ ਕਰੀਬ 3 ਵਜੇ ਹਸਪਤਾਲ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਟਰਾਮਾ ਕੇਅਰ ਇੰਟੈਂਸਿਵ ਕੇਅਰ ਯੂਨਿਟ ਵਿੱਚ ਲੱਗੀ।

ਉਸ ਸਮੇਂ ਆਈਸੀਯੂ ਵਿੱਚ ਕਰੀਬ 23 ਮਰੀਜ਼ ਦਾਖਲ ਸਨ। ਅੱਗ ਲੱਗਣ ਨਾਲ ਹੜਕੰਪ ਮਚ ਗਿਆ ਅਤੇ ਰਾਹਤ ਕਾਰਜ ਤੁਰੰਤ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਸੱਤ ਮਰੀਜ਼ਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਬਚਾਵ ਕਾਰਜ ਦੌਰਾਨ ਹਸਪਤਾਲ ਦੇ ਘੱਟੋ-ਘੱਟ 11 ਕਰਮਚਾਰੀ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਦਾਖਲ ਕਰਵਾਇਆ ਗਿਆ। ਪ੍ਰਾਰੰਭਿਕ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਹਾਲਾਂਕਿ ਅਧਿਕਾਰਤ ਜਾਂਚ ਤੋਂ ਬਾਅਦ ਹੀ ਪੂਰੀ ਸਥਿਤੀ ਸਪੱਸ਼ਟ ਹੋਵੇਗੀ।

ਕਟਕ ਦਾ ਸਭ ਤੋਂ ਵੱਡਾ ਮੈਡੀਕਲ ਕੇਂਦਰ

ਕਟਕ ਸਥਿਤ SCB Hospital ਉੜੀਸਾ ਦੇ ਸਭ ਤੋਂ ਵੱਡੇ ਅਤੇ ਮਹੱਤਵਪੂਰਨ ਸਰਕਾਰੀ ਹਸਪਤਾਲਾਂ ਵਿੱਚੋਂ ਇੱਕ ਹੈ। ਇੱਥੇ ਰਾਜ ਦੇ ਦੂਰ-ਦੁਰੇ ਇਲਾਕਿਆਂ ਤੋਂ ਹਜ਼ਾਰਾਂ ਮਰੀਜ਼ ਹਰ ਰੋਜ਼ ਇਲਾਜ ਲਈ ਪਹੁੰਚਦੇ ਹਨ। ਟਰਾਮਾ ਕੇਅਰ ਅਤੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਇਹ ਹਸਪਤਾਲ ਇੱਕ ਮੁੱਖ ਕੇਂਦਰ ਮੰਨਿਆ ਜਾਂਦਾ ਹੈ, ਇਸ ਲਈ ਇੱਥੇ ਵਾਪਰੀ ਅੱਗ ਦੀ ਘਟਨਾ ਨੇ ਸਿਹਤ ਪ੍ਰਬੰਧਾਂ ‘ਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।

Scroll to Top