ਦਿੱਲੀ, 3 ਨਵੰਬਰ 2025 : ਉੱਤਰੀ ਅਫ਼ਗਾਨਿਸਤਾਨ ਵਿੱਚ ਅੱਜ ਸਵੇਰੇ ਤੇਜ਼ ਭੂਚਾਲ ਦੇ ਝਟਕਿਆਂ ਕਾਰਨ ਭਾਰੀ ਤਬਾਹੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹੈ ਅਤੇ ਕਈ ਜਖਮੀ ਵੀ ਹੋਏ ਹਨ। ਜਾਣਕਾਰੀ ਅਨੁਸਾਰ ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 6.3 ਦਰਜ ਕੀਤੀ ਗਈ। ਇਸ ਕੁਦਰਤੀ ਆਫ਼ਤ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 143 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
ਭੂਚਾਲ ਦਾ ਕੇਂਦਰ ਖੁਲਮ ਸ਼ਹਿਰ ਤੋਂ ਲਗਭਗ 22 ਕਿਲੋਮੀਟਰ ਪੱਛਮ-ਦੱਖਣ ਪੱਛਮ ਵੱਲ ਅਤੇ 28 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਹ ਝਟਕੇ ਸਥਾਨਕ ਸਮੇਂ ਅਨੁਸਾਰ ਸੋਮਵਾਰ ਦਿਨ ਦੇ 12:59 ਵਜੇ ਦਰਜ ਕੀਤੇ ਗਏ।
ਅਫ਼ਗਾਨਿਸਤਾਨ ਦੀ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਬੁਲਾਰੇ ਯੂਸਫ਼ ਹਮਾਦ ਦੇ ਅਨੁਸਾਰ, ਮਾਰੇ ਗਏ ਅਤੇ ਜ਼ਖ਼ਮੀ ਹੋਏ ਵਧੇਰੇ ਲੋਕ ਸਮੰਗਨ ਸੂਬੇ ਦੇ ਵਸਨੀਕ ਹਨ। ਉਨ੍ਹਾਂ ਦੱਸਿਆ ਕਿ ਬਹੁਤੇ ਜ਼ਖ਼ਮੀ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਸਨ ਅਤੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਇਸਤੋ ਇਲਾਵਾ ਬਚਾਅ ਕਾਰਜ ਜਾਰੀ ਹਨ।