ਉਮੀਦ ਤੇ ਹਿੰਮਤ ਨਾਲ ਜੁੜ ਕੇ ਆਤਮਹੱਤਿਆ ਨੂੰ ਰੋਕਣਾ ਸੰਭਵ- ਮੈਡੀਕਲ ਸੁਪਰਡੈਂਟ

ਪਟਿਆਲਾ 10 ਸਤੰਬਰ –  ਸਿਹਤ ਵਿਭਾਗ ਪਟਿਆਲਾ ਵੱਲੋਂ ਅੱਜ ਮਾਤ ਕੁਸ਼ੱਲਿਆ  ਹਸਪਤਾਲ ਪਟਿਆਲਾ ਵਿਖੇ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਸਿਵਿਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਨੇ ਕਿਹਾ ਕਿ ਅੱਜ ਕੱਲ ਬਹੁਤ ਸਾਰੇ ਲੋਕ ਮਾਨਸਿਕ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ।

ਅੱਜ ਕੱਲ ਬਹੁਤ ਸਾਰੇ ਲੋਕ ਜੀਵਨ ਸ਼ੈਲੀ ਵਿੱਚ ਆਏ  ਬਦਲਾਅ ਕਾਰਨ ਤਨਾਅ ਅਤੇ ਡਿਪਰੈਸ਼ਨ ਨਾਲ ਜੂਝ ਰਹੇ ਹਨ। ਇਹ ਇੱਕ ਕਿਸਮ ਦੀ ਗੰਭੀਰ ਮਾਨਸਿਕ ਬਿਮਾਰੀ ਹੈ ਜੇਕਰ ਇਸਦਾ ਸਹੀ ਢੰਗ ਨਾਲ ਇਲਾਜ ਨਾ ਹੋ ਸਕੇ ਤਾਂ ਇਸ ਤੇ ਗੰਭੀਰ ਨਤੀਜੇ ਹੋ ਸਕਦੇ ਹਨ ਅਤੇ ਮਰੀਜ ਖੁਦਕੁਸ਼ੀ ਵੀ ਕਰ ਸਕਦਾ ਹੈ। ਅਜਿਹੇ ਮਾਮਲਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਇਸ ਮੌਕੇ ਬੋਲਦਿਆਂ ਮੈਡੀਕਲ ਸੁਪਰਡੈਂਟ ਐਮ.ਕੇ.ਐਚ ਡਾ.ਐਸ.ਜੇ ਸਿੰਘ ਨੇ ਕਿਹਾ ਕਿ ਖੁਦਕੁਸ਼ੀ ਇੱਕ ਵੱਡੀ ਸਮਾਜਿਕ ਸਿਹਤ ਚੁਣੌਤੀ ਹੈ।

ਇਸ ਨੂੰ ਸਮਝਦਾਰੀ, ਸਹਿਯੋਗ ਅਤੇ ਗੱਲਬਾਤ ਕਰਕੇ ਰੋਕਿਆ ਜਾ ਸਕਦਾ ਹੈ। ਇਸ ਸਾਲ ਦਾ ਥੀਮ “ਕ੍ਰੀਏਟਿੰਗ ਹੋਪ ਥਰੂਅ ਐਕਸ਼ਨ” ਤਹਿਤ ਸਮਾਜਿਕ ਸਹਿਯੋਗ, ਪਰਿਵਾਰਿਕ ਮਮਤਾ ਅਤੇ ਮਨੋਵਿਗਿਆਨਿਕ ਸਲਾਹ ਨਾਲ ਇਸ ਸੰਕਟ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਇਸ ਮੌਕੇ ਸਾਈਕੇਟਰੀ ਵਿਭਾਗ ਦੇ ਡਾ.ਸ਼ਿਖਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਮਨੁੱਖੀ ਸੰਘਰਸ਼ ਕਾਰਨ ਸਮੱਸਿਆਵਾਂ ਆਉਣ ਤਾਂ ਉਸਦੀ ਸਹਾਇਤਾ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਇਨਸਾਨ ਨੂੰ ਇਕੱਲਾ ਨਹੀਂ ਛੱਡਣਾ ਚਾਹੀਦਾ।

ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕਦਾ ਹੈ। ਜੇਕਰ ਕਿਸੇ ਦੇ ਮਨ ਵਿੱਚ ਆਤਮਹੱਤਿਆ ਦਾ ਵਿਚਾਰ ਆਉਂਦਾ ਹੈ ਤਾਂ ਉਸ ਨਾਲ ਸ਼ਾਂਤੀ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਉਸਦੀਆਂ ਭਾਵਨਾਵਾਂ ਨੂੰ ਸਮਝਿਆ ਜਾਣਾ ਚਾਹੀਦਾ ਹੈ। ਉਸਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉਸਨੂੰ  ਤਿੱਖੀਆਂ  ਚੀਜਾਂ, ਦਵਾਈਆਂ, ਰੱਸੀਆਂ ਜਾਂ ਉੱਚੀਆਂ ਮੰਜ਼ਲਾਂ ਵਾਲੀਆਂ ਖਿੜਕੀਆਂ ਤੋਂ ਦੂਰ ਰੱਖਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਨੂੰ ਮੈਡੀਕਲ ਟੀਮ ਅਤੇ ਡਾਕਟਰ ਤੋਂ ਮਦਦ ਲੈਣ ਦੀ ਜਰੂਰਤ ਹੁੰਦੀ ਹੈ।

ਇਸ ਲਈ ਜੇਕਰ ਕੋਈ ਇਸ ਤਰਾਂ ਦਾ ਮਰੀਜ਼ ਪਾਇਆ ਜਾਂਦਾ ਹੈ ਤਾਂ ਉਸਨੂੰ ਮਨੋਵਿਗਿਆਨਿਕ ਡਾਕਟਰ ਨੂੰ ਦਿਖਾਇਆ ਜਾਣਾ ਚਾਹੀਦਾ ਹੈ। ਮਾਨਸਿਕ ਰੋਗਾਂ ਦੀਆਂ ਸਿਹਤ ਸੇਵਾਵਾਂ ਲਈ ਟੇਲੀਮਾਨਸ ਟੋਲ ਫ੍ਰੀ ਨੰ: 14416 ਜਾਂ 1-800 891 4416 ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਐਮਕੇ ਐਚ ਡਾ. ਅਸ਼ਰਫਜੀਤ ਸਿੰਘ, ਮੈਡੀਸੀਨ ਸਪੇਸ਼ਲਿਸਟ ਡਾ.ਦੀਪਇੰਦਰ ਬੋਪਾਰਾਏ, ਮੈਡੀਕਲ ਅਫਸਰ ਡੇਂਟਲ ਡਾ.ਬਲਜਿੰਦਰ ਮਾਨ, ਡਾ.ਵਿਨੇ ਅਤੇ ਮੀਡੀਆ ਵਿੰਗ ਤੋਂ ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਅਤੇ ਜਸਜੀਤ ਕੌਰ, ਜਿਲ੍ਹਾ ਬੀ.ਸੀ.ਸੀ ਕੁਆਰਡੀਨੇਟਰ ਜਸਬੀਰ ਕੌਰ, ਬੀ.ਈ.ਈ ਸ਼ਾਯਾਨ ਜ਼ਫਰ ਅਤੇ ਬਿੱਟੂ ਮੌਜੂਦ ਸਨ।

 

Scroll to Top