ਕਰਾਚੀ, 2 ਮਾਰਚ : ਇਰਾਨ ਵਿਚ ਹੋਏ ਵੱਡੇ ਅਟੈਕ ਤੋ ਬਾਅਦ ਹੁਣ ਅਮਰੀਕਾ ਦਾ ਹਰ ਪਾਸਿਓ ਵਿਰੋਧ ਹੋ ਰਿਹਾ ਹੈ ਅਤੇ ਹੁਣ ਤਾਜਾ ਮਾਮਲੇ ਵਿਚ ਪਾਕਿਸਤਾਨ ਦੇ ਕਰਾਚੀ ਵਿਚ ਵੀ ਲੋਕਾਂ ਵਲੋ ਅਮਰੀਕੀ ਦੂਤਾਵਾਸ ਉਪਰ ਹਮਲਾ ਕੀਤਾ ਗਿਆ ਹੈ, ਜਿਸ ਕਾਰਨ ਅੱਜ ਭਿਆਨਕ ਝੜਪਾਂ ਹੋ ਗਈਆਂ, ਜਿਨ੍ਹਾਂ ਵਿੱਚ ਲਗਭਗ 10 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਹਿੰਸਕ ਟਕਰਾਅ ਦੌਰਾਨ ਕਰੀਬ 25 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਕੁਝ ਪੁਲੀਸ ਕਰਮੀ ਵੀ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀ ਦੂਤਾਵਾਸ ਦੇ ਮੁੱਖ ਦਰਵਾਜ਼ੇ ਨੂੰ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਕਾਰਨ ਸਥਿਤੀ ਬੇਕਾਬੂ ਹੋ ਗਈ। ਇਹ ਰੋਸ ਮਾਰਚ ਸ਼ੀਆ ਸੰਗਠਨਾਂ ਵੱਲੋਂ ਸੱਦਾ ਦਿੱਤਾ ਗਿਆ ਸੀ।
ਸਰਕਾਰੀ ਹਸਪਤਾਲ ਦੇ ਤਰਜਮਾਨ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ 10 ਲਾਸ਼ਾਂ ਹਸਪਤਾਲ ਪਹੁੰਚਾਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਕੁਝ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ। ਜ਼ਖ਼ਮੀਆਂ ਦਾ ਇਲਾਜ ਜਾਰੀ ਹੈ ਅਤੇ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਹਿੰਸਕ ਘਟਨਾਕ੍ਰਮ ਅਲੀ ਖਾਨੇਮੇਈ ਦੀ ਮੌਤ ਦੀ ਪੁਸ਼ਟੀ ਤੋਂ ਬਾਅਦ ਸ਼ੁਰੂ ਹੋਇਆ। ਖ਼ਬਰ ਸਾਹਮਣੇ ਆਉਂਦੇ ਹੀ ਮੁਜ਼ਾਹਰਾਕਾਰੀ ਦੂਤਾਵਾਸ ਵੱਲ ਜਾਂਦੀ ਸੜਕ ’ਤੇ ਇਕੱਠੇ ਹੋਣ ਲੱਗ ਪਏ, ਜਿਸ ਨਾਲ ਇਲਾਕੇ ਵਿੱਚ ਤਣਾਅ ਤੇਜ਼ੀ ਨਾਲ ਵੱਧ ਗਿਆ।