ਇਟਲੀ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ
ਗੜ੍ਹਸ਼ੰਕਰ : ਪੰਜਾਬ ਦੇ ਸ਼ਹਿਰ ਗੜ੍ਹਸ਼ੰਕਰ ਤੋਂ ਜੇਜੋਂ ਰੋਡ ਤੇ ਸਥਿਤ ਪਿੰਡ ਰਾਮਪੁਰ ਬਿਲੜੋਂ ਲਾਗੇ ਵੀਰਵਾਰ ਦੇਰ ਰਾਤ ਵਾਪਰੇ ਦਰਦਨਾਕ ਹਾਦਸੇ ਦੌਰਾਨ ਇਟਲੀ ਤੋਂ ਆਏ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਪੁੱਤਰ ਰਾਜਕੁਮਾਰ ਵਾਸੀ ਡੋਗਰਪੁਰ ਥਾਣਾ ਗੜ੍ਹਸ਼ੰਕਰ ਪਿੰਡ ਹਾਜੀਪੁਰ ਵਿਖੇ ਆਪਣੇ ਦੋਸਤ ਦੇ ਘਰੋਂ ਵਿਆਹ ਸਬੰਧੀ ਸਮਾਗਮ `ਚ ਸ਼ਾਮਿਲ ਹੋਣ ਤੋਂ ਬਾਅਦ ਆਪਣੀ ਸਵਿਫਟ ਡਿਜ਼ਾਇਰ ਕਾਰ `ਚ ਵਾਪਸ ਪਿੰਡ ਵੱਲ ਪਰਤ ਰਿਹਾ ਸੀ। ਜਦ ਉਹ ਪਿੰਡ ਰਾਮਪੁਰ ਬਿਲੜੋਂ ਦੇ ਇੱਟਾਂ ਦੇ ਭੱਠੇ ਕੋਲੋਂ ਲੰਘ ਰਿਹਾ ਸੀ ਤਾਂ ਮੋੜ `ਤੇ ਅਚਾਨਕ ਸੰਤੁਲਨ ਵਿਗੜਨ ਕਾਰਨ ਉਸ ਦੀ ਕਾਰ ਇੱਟਾਂ ਦੇ ਚੱਕੇ ਨਾਲ ਟਕਰਾ ਗਈ ਜਿਸ ਕਾਰਨ ਕਾਰ ਦੇ ਪਰਖੱਚੇ ਉੱਡ ਗਏ ਤੇ ਨੌਜਵਾਨ ਦੀ ਮੌਕੇ `ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਅੰਮ੍ਰਿਤਪਾਲ 3 ਅਕਤੂਬਰ ਨੂੰ ਇਟਲੀ ਤੋਂ ਆਇਆ ਸੀ ਤੇ ਉਸਦੇ ਵਿਆਹ ਨੂੰ ਅੱਠ ਮਹੀਨੇ ਹੋਏ ਹਨ। ਉਸ ਦੀ ਪਤਨੀ ਕੈਨੇਡਾ ਰਹਿੰਦੀ ਹੈ ਤੇ ਉਸ ਨੇ ਵੀ ਕੈਨੇਡਾ ਜਾਣਾ ਸੀ। ਪੁਲਿਸ ਵੱਲੋਂ ਲਾਸ਼ ਕਬਜ਼ੇ `ਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।