ਮੁੰਬਈ : ਪੁਲੀਸ ਨੇ ਅਦਾਕਾਰਾ ਆਲੀਆ ਭੱਟ ਨਾਲ ਕਥਿਤ ਤੌਰ ‘ਤੇ 76.9 ਲੱਖ ਦੀ ਠੱਗੀ ਕਰਨ ਦੇ ਮਾਮਲੇ ਵਿੱਚ ਉਸ ਦੀ ਸਾਬਕਾ ਨਿੱਜੀ ਸਹਾਇਕਾ ਵੇਦਿਕਾ ਪ੍ਰਕਾਸ਼ ਸ਼ੈੱਟੀ (32) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੈੱਟੀ ‘ਤੇ ਦੋਸ਼ ਹੈ ਕਿ ਉਸ ਨੇ ਆਲੀਆ ਦੀ ਪ੍ਰੋਡਕਸ਼ਨ ਕੰਪਨੀ “ਈਟਰਨਲ ਸਨਸ਼ਾਈਨ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਟਿਡ” ਅਤੇ ਨਿੱਜੀ ਖਾਤਿਆਂ ਵਿੱਚ ਵਿੱਤੀ ਗੜਬੜਾਂ ਕੀਤੀਆਂ।
ਇਹ ਧੋਖਾਧੜੀ ਮਈ 2022 ਤੋਂ ਅਗਸਤ 2024 ਤੱਕ ਦੀ ਮੰਨੀ ਜਾ ਰਹੀ ਹੈ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਆਲੀਆ ਦੀ ਮਾਂ ਸੋਨੀ ਰਾਜ਼ਦਾਨ ਨੇ 23 ਜਨਵਰੀ ਨੂੰ ਜੁਹੂ ਪੁਲੀਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।
ਬੰਗਲੁਰੂ ਤੋ ਕੀਤੀ ਗ੍ਰਿਫ਼ਤਾਰ
ਸੂਤਰਾਂ ਮੁਤਾਬਕ, ਵੇਦਿਕਾ ਨੇ 2021 ਤੋਂ 2024 ਤੱਕ ਆਲੀਆ ਦਾ ਨਿੱਜੀ ਸਹਾਇਕ ਵਜੋਂ ਕੰਮ ਕੀਤਾ। ਉਹ ਅਦਾਕਾਰਾ ਦੇ ਵਿੱਤੀ ਦਸਤਾਵੇਜ਼, ਭੁਗਤਾਨ ਅਤੇ ਪ੍ਰਬੰਧਨ ਦੇ ਕੰਮਾਂ ਲਈ ਜ਼ਿੰਮੇਵਾਰ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਉਸ ਨੇ ਕਥਿਤ ਜਾਲਸਾਜੀ ਨਾਲ ਜਾਅਲੀ ਬਿੱਲ ਤਿਆਰ ਕਰਕੇ ਉਨ੍ਹਾਂ ‘ਤੇ ਆਲੀਆ ਤੋਂ ਦਸਤਖ਼ਤ ਲਵਾਏ ਅਤੇ ਇਹ ਦੱਸਿਆ ਕਿ ਇਹ ਖਰਚੇ ਯਾਤਰਾ, ਮੀਟਿੰਗਾਂ ਜਾਂ ਹੋਰ ਪ੍ਰਬੰਧਾਂ ਨਾਲ ਜੁੜੇ ਹੋਏ ਹਨ।
ਉਨ੍ਹਾਂ ਰਾਹੀਂ ਫੰਡ ਇੱਕ ਦੋਸਤ ਦੇ ਖਾਤੇ ਵਿੱਚ ਭੇਜੇ ਗਏ, ਜੋ ਫਿਰ ਵਾਪਸ ਵੇਦਿਕਾ ਨੂੰ ਦੇ ਦਿੱਤੇ। FIR ਦਰਜ ਹੋਣ ਮਗਰੋਂ ਵੇਦਿਕਾ ਗਾਇਬ ਹੋ ਗਈ ਅਤੇ ਰਾਜਸਥਾਨ, ਕਰਨਾਟਕ, ਪੁਣੇ ਤੇ ਬੰਗਲੁਰੂ ਵਿਚ ਟਿਕਾਣੇ ਬਦਲਦੀ ਰਹੀ। ਆਖ਼ਿਰਕਾਰ, ਜੁਹੂ ਪੁਲੀਸ ਨੇ ਉਸ ਨੂੰ ਬੰਗਲੁਰੂ ਤੋਂ ਗ੍ਰਿਫ਼ਤਾਰ ਕਰਕੇ ਟਰਾਂਜ਼ਿਟ ਰਿਮਾਂਡ ‘ਤੇ ਮੁੰਬਈ ਲਿਆਇਆ।