ਚੰਡੀਗੜ, 28 ਨਵੰਬਰ : ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਵੀਰਵਾਰ ਨੂੰ ਦੁਬਾਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਹੈ, ਜਿਸ ਵਿੱਚ ਉਸਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਹਾਜ਼ਰੀ ਲਈ ਆਰਜ਼ੀ ਪੈਰੋਲ ਦੇਣ ਦੀ ਮੰਗ ਕੀਤੀ ਹੈ। ਉਸਦੀ ਸੰਸਦ ਹਾਜ਼ਰੀ ਤੋਂ ਪੰਜਾਬ ਸਰਕਾਰ ਵੱਲੋਂ ਕੀਤੀ ਮਨਾਹੀ ਨੂੰ ਚੁਣੌਤੀ ਦਿੰਦਿਆਂ, ਇਸ ਪਟੀਸ਼ਨ ’ਤੇ ਸੁਣਵਾਈ 1 ਦਸੰਬਰ ਲਈ ਤਹਿ ਕੀਤੀ ਗਈ ਹੈ।
ਦਸ ਦਈਏਕਿ ਪਹਿਲਾਂ ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਦੀ ਪੈਰੋਲ ਦੀ ਅਰਜ਼ੀ ਅਸਵੀਕਾਰ ਕਰ ਦਿੱਤੀ ਸੀ, ਜਿਸ ਨਾਲ ਉਸਦਾ ਆਉਣ ਵਾਲੇ ਸੰਸਦੀ ਸੈਸ਼ਨ ਵਿੱਚ ਸ਼ਾਮਲ ਹੋਣਾ ਅਸਮਾਨਜਸ ਵਿੱਚ ਪੈ ਗਿਆ ਸੀ। ਹਾਈ ਕੋਰਟ ਨੇ 21 ਨਵੰਬਰ ਨੂੰ ਹੋਈ ਪਹਿਲੀ ਸੁਣਵਾਈ ਵਿੱਚ ਰਾਜ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਫ਼ੈਸਲਾ ਕਰਨ ਦੇ ਹੁਕਮ ਦਿੱਤੇ ਸਨ।
ਇਸ ਸਬੰਧ ’ਚ ਪੰਜਾਬ ਦੇ ਗ੍ਰਹਿ ਵਿਭਾਗ ਨੇ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਤੋਂ ਰਿਪੋਰਟ ਮੰਗੀ ਸੀ। ਪ੍ਰਸ਼ਾਸਨ ਵੱਲੋਂ ਪੈਰੋਲ ਦੇ ਵਿਰੋਧ ਵਿੱਚ ਦਿੱਤੀ ਸਿਫ਼ਾਰਸ਼ ਨੂੰ ਮੰਨਦਿਆਂ, ਗ੍ਰਹਿ ਵਿਭਾਗ ਨੇ ਅਰਜ਼ੀ ਰੱਦ ਕਰਨ ਦਾ ਫ਼ੈਸਲਾ ਸੁਣਾ ਦਿੱਤਾ।
ਯਾਦ ਰਹੇ ਕਿ ਸੰਸਦ ਦਾ ਸਰਦ ਰੁੱਤ ਇਜਲਾਸ 1 ਦਸੰਬਰ ਤੋਂ 19 ਦਸੰਬਰ ਤੱਕ ਹੋਣਾ ਨਿਰਧਾਰਤ ਹੈ।