ਅੰਤਰਰਾਸ਼ਟਰੀ ਨਸ਼ਾ-ਖੋਰੀ ਅਤੇ ਗੈਰ ਕਾਨੂੰਨੀ ਤਸ਼ਕਰੀ ਵਿਰੋਧੀ ਦਿਵਸ ਮੌਕੇ ਲਗਾਇਆ ਜਾਗਰੂਕਤਾ ਕੈਂਪ

ਅੰਤਰਰਾਸ਼ਟਰੀ ਨਸ਼ਾ-ਖੋਰੀ ਅਤੇ ਗੈਰ ਕਾਨੂੰਨੀ ਤਸ਼ਕਰੀ ਵਿਰੋਧੀ ਦਿਵਸ ਮੌਕੇ ਲਗਾਇਆ ਜਾਗਰੂਕਤਾ ਕੈਂਪ
ਸੰਗਰੂਰ, 26 ਜੂਨ : ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਥਾਨਕ ਨਸ਼ਾ ਛੁਡਾਊ ਕੇਂਦਰ ਵਿਖੇ ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ ਦੀ ਅਗਵਾਈ ਹੇਠ “ਜ਼ਿੰਦਗੀ ਨੂੰ ਕਹੋ ਹਾਂ, ਨਸ਼ਿਆਂ ਨੂੰ ਕਰੋ ਨਾਂਹ” ਨਾਅਰੇ ਤਹਿਤ ‘ਅੰਤਰਰਾਸ਼ਟਰੀ ਨਸ਼ਾ ਖੋਰੀ ਅਤੇ ਗੈਰ-ਕਾਨੂੰਨੀ ਤਸ਼ਕਰੀ ਵਿਰੋਧੀ ਦਿਵਸ’ ਮੌਕੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਨਸ਼ਾ ਇਕ ਮਾਨਸਿਕ ਰੋਗ ਹੈ ਜੋ ਇਨਸਾਨ ਨੂੰ ਸਰੀਰਕ, ਮਾਨਸਿਕ ਤੇ ਆਰਥਿਕ ਤੌਰ ‘ਤੇ ਕਮਜ਼ੋਰ ਕਰ ਦਿੰਦਾ ਹੈ, ਇਸ ਲਈ ਸਾਨੂੰ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਵਿਆਪਕ ਵਰਤੋਂ ਸਮਾਜ ਲਈ ਇਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕਿਸੇ ਵੀ ਦੇਸ਼ ਦੇ ਚੰਗੇ ਭਵਿੱਖ ਲਈ ਉਸ ਦੀ ਤਰੱਕੀ ਦੇ ਰਾਹ ਵਿਚ ਨਸ਼ਾ ਇਕ ਵੱਡੀ ਰੁਕਾਵਟ ਬਣਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫਿਰ ਵੀ ਜੇਕਰ ਕੋਈ ਵਿਅਕਤੀ ਨਸ਼ਿਆਂ ਦੀ ਦਲਦਲ ਵਿੱਚ ਕਿਸੇ ਕਾਰਨ-ਵਸ ਫਸ ਜਾਂਦਾ ਹੈ ਤਾਂ ਇਸਦਾ ਇਲਾਜ ਵੀ ਸੰਭਵ ਹੈ ਤੇ ਉਸਦਾ ਇਹ ਇਲਾਜ ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ, ਓਟ ਕਲੀਨਿਕਾਂ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਸਰਕਾਰੀ ਕੇਂਦਰਾਂ ਵਿੱਚ ਇਲਾਜ ਕਰਵਾਉਣ ਵਾਲੇ ਵਿਅਕਤੀ ਦੀ ਪਛਾਣ ਤੇ ਰਿਕਾਰਡ ਗੁਪਤ ਰੱਖਿਆ ਜਾਂਦਾ ਹੈ।
ਇਸ ਮੌਕੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਇਸ਼ਾਨ ਪ੍ਰਕਾਸ਼ ਨੇ ਕੈਂਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਇਕ ਨਾ-ਮੁਰਾਦ ਬਿਮਾਰੀ ਹੈ ਅਤੇ ਨਸ਼ਿਆਂ ਦੀ ਆਦਤ ਵਿੱਚ ਫਸ ਕੇ ਨੌਜਵਾਨ ਆਪਣਾ ਅਤੇ ਆਪਣੇ ਦੇਸ਼ ਦਾ ਭਵਿੱਖ ਖਰਾਬ ਕਰਦੇ ਹਨ ਕਿਉਂਕਿ ਉਹ ਗਲਤ ਅਤੇ ਠੀਕ ਵਿੱਚ ਫਰਕ ਨਹੀਂ ਕਰ ਸਕਦੇ। ਉਨ੍ਹਾਂ ਨਸ਼ਿਆਂ ਦੇ ਕਾਰਨ, ਨਸ਼ਾ ਕਰਨ ਵਾਲੇ ਵਿਅਕਤੀ ਦੇ ਲੱਛਣ, ਨਸ਼ਾ ਕਰਨ ਨਾਲ ਸਰੀਰ ਨੂੰ ਲੱਗਣ ਵਾਲੇ ਹੋਰ ਰੋਗਾਂ ਅਤੇ ਇਹਨਾਂ ਦੇ ਇਲਾਜ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ, ਡਾ. ਰਾਹੁਲ ਗਰਗ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਰਨੈਲ ਸਿੰਘ, ਬੀ.ਈ.ਈ. ਹਰਦੀਪ ਜਿੰਦਲ, ਪੀ.ਐਸ.ਡਬਲਯੂ ਮੁਹੰਮਦ ਖਾਲਿਦ, ਕੌਂਸਲਰ ਹਰਜਿੰਦਰ ਸਿੰਘ, ਸਟਾਫ ਨਰਸ ਕਿਰਨਪ੍ਰੀਤ ਕੌਰ, ਗੁਰਪ੍ਰੀਤ ਵਾਲੀਆ, ਜ਼ਿਲ੍ਹਾ ਫਾਰਮੇਸੀ ਅਫਸਰ ਰਵਿੰਦਰ ਕੌਰ, ਯਾਦਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top