ਪਟਿਆਲਾ 6 ਅਕਤੂਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਟਰੰਪ ਸਰਕਾਰ ਵੱਲੋਂ ਅਮਰੀਕਾ ਦੀ ਫੌਜ ਵਿੱਚ ਸਿੱਖ ਸੈਨਿਕਾਂ ‘ਤੇ ਦਾੜੀ ਰੱਖਣ ਦੀ ਲਗਾਈ ਪਾਬੰਦੀ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ।
ਸਾਬਕਾ ਪ੍ਰਧਾਨ ਨੇ ਕਿਹਾ ਕਿ ਟਰੰਪ ਸਰਕਾਰ ਦਾ ਅਜਿਹਾ ਫੈਸਲਾ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਸਿੱਧਾ ਦਖਲ ਹੈ ਅਤੇ ਅਜਿਹਾ ਫੈਸਲਾ ਟਰੰਪ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਦੇਸ਼ ਦੁਨੀਆਂ ਵਿੱਚ ਵਸੇ ਸਿੱਖ ਆਪਣੀ ਮਿਹਨਤ ਅਤੇ ਵਿਲੱਖਣ ਪਛਾਣ ਦੇ ਧਾਰਨੀ ਹਨ ਉਹਨਾਂ ਨਾਲ ਕੀਤਾ ਜਾ ਰਿਹਾ ਅਜਿਹਾ ਨਸਲੀ ਵਿਤਕਰਾ ਨਾਸਹਿਣ ਯੋਗ ਹੈ। ਉਹਨਾਂ ਕਿਹਾ ਕਿ ਟਰੰਪ ਸਰਕਾਰ ਅਜਿਹੇ ਫੈਸਲੇ ਲੈ ਕੇ ਜਿੱਥੇ ਅਮਰੀਕੀ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਰਹੀ ਹੈ, ਉੱਥੇ ਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਕਰ ਰਹੀ ਹੈ। ਉਹਨਾਂ ਕਿਹਾ ਕਿ ਜਾਤ ਅਧਾਰਤ ਲਏ ਜਾ ਰਹੇ ਫੈਸਲੇ ਨਹੀਂ ਲੈਣੇ ਚਾਹੀਦੇ ਅਤੇ ਅਜਿਹੇ ਫੈਸਲਿਆਂ ਪ੍ਰਤੀ ਟਰੰਪ ਸਰਕਾਰ ਨੂੰ ਸਮੀਖਿਆ ਕਰ ਕਰ ਲੈਣੀ ਚਾਹੀਦੀ ਹੈ।
ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਮਰੀਕਾ ਦੀ ਟਰੰਪ ਸਰਕਾਰ ਜਿੱਥੇ ਟੈਰਿਫ ਵਰਗੇ ਗਲਤ ਫੈਸਲੇ ਭਾਰਤ ਦੇ ਥੋਪ ਰਹੀ ਹੈ, ਉੱਥੇ ਹੀ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਬੇਵਜਾ ਦਖਲ ਵੀ ਦੇ ਰਹੀ ਹੈ।
ਪ੍ਰੋਫੈਸਰ ਬਡੂੰਗਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪੱਧਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੱਕ ਪਹੁੰਚ ਕਰਕੇ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਹੋ ਰਹੀ ਅਜਿਹੀ ਦਖਲਅੰਦਾਜੀ ਨੂੰ ਰੋਕਣ ਅਤੇ ਟਰੰਪ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣ ਕਿ ਦੇਸ਼ ਦੁਨੀਆ ਵਿੱਚ ਵਸਿਆ ਸਿੱਖ ਗੁਰੂ ਸਾਹਿਬ ਦੇ ਫਲਸਫੇ ਅਤੇ ਪੰਜ ਕੰਕਾਰਾਂ ਦਾ ਧਾਰਨੀ ਹੈ ਉਹਨਾਂ ਉੱਤੇ ਅਜਿਹੇ ਫੈਸਲਿਆਂ ਨੂੰ ਥੋਪਿਆ ਨਹੀਂ ਜਾ ਸਕਦਾ ਅਤੇ ਅਮਰੀਕਾ ਦੀ ਫੌਜ ਵਿੱਚ ਸਿੱਖ ਸੈਨਿਕਾਂ ‘ਤੇ ਦਾੜੀ ਰੱਖਣ ਦੀ ਲਗਾਈ ਪਾਬੰਦੀ ਨੂੰ ਬਰਦਾਸ਼ਤ ਨਹੀਂ ਕੀਤੀ ਜਾ ਸਕਦਾ।