ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਹੋਇਆ ਇਕ ਵਾਰ ਫਿਰ ਤੋਂ ਹਮਲਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਹੋਇਆ ਇਕ ਵਾਰ ਫਿਰ ਤੋਂ ਹਮਲਾ
ਅਮਰੀਕਾ : ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ `ਤੇ ਇਕ ਵਾਰ ਫਿਰ ਫਲੋਰਿਡਾ ਵਿਚ ਗੋਲਫ ਕੋਰਸ ਤੇ ਗੋਲੀਬਾਰੀ ਕਰਕੇ ਕਾਤਲਾਨਾ ਹਮਲਾ ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ। ਇਥੇ ਦੱਸਣਯੋਗ ਹੈ ਕਿ ਬੇਸ਼ਕ ਸਾਬਕਾ ਰਾਸ਼ਟਰਪਤੀ ਇਸ ਹਮਲੇ ਵਿੱਚ ਵਾਲ-ਵਾਲ ਬਚ ਗਏ ਪਰ ਮੌਕੇ ਤੋਂ ਇੱਕ ਏਕੇ 47 ਬਰਾਮਦ ਹੋਈ ਹੈ।ਇਸ ਹਮਲੇ ਸਬੰਧੀ ਜਾਰੀ ਬਿਆਨ ਵਿੱਚ ਐਫਬੀਆਈ ਨੇ ਕਿਹਾ ਹੈ ਕਿ ਗੋਲੀ ਚੱਲਣ ਦੇ ਸਮੇਂ ਟਰੰਪ ਉਥੋਂ ਸਿਰਫ਼ 275-455 ਮੀਟਰ ਦੂਰ ਸਨ। ਇੱਕ ਚਸ਼ਮਦੀਦ ਨੇ ਇੱਥੋਂ ਤੱਕ ਕਿਹਾ ਕਿ ਉਸਨੇ ਇੱਕ ਆਦਮੀ ਨੂੰ ਝਾੜੀਆਂ ਵਿੱਚੋਂ ਭੱਜਦੇ ਦੇਖਿਆ ਜੋ ਫਿਰ ਇੱਕ ਕਾਲੇ ਰੰਗ ਦੀ ਨਿਸਾਨ ਕਾਰ ਵਿੱਚ ਚਲਾ ਗਿਆ। ਟਰੰਪ ਦੀ ਸੁਰੱਖਿਆ ਲਈ ਤਾਇਨਾਤ ਅਧਿਕਾਰੀਆਂ ਨੇ ਵੀ ਸ਼ੱਕੀ `ਤੇ ਗੋਲੀਬਾਰੀ ਕੀਤੀ ਪਰ ਉਹ ਭੱਜਣ `ਚ ਕਾਮਯਾਬ ਹੋ ਗਿਆ। ਫਿਲਹਾਲ ਇਸ ਹਮਲੇ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕਿਸੇ ਵੀ ਕੀਮਤ `ਤੇ ਝੁਕਣ ਵਾਲੇ ਨਹੀਂ ਹਨ। ਉਨ੍ਹਾਂ ਨੇ ਇੱਕ ਈਮੇਲ ਰਾਹੀਂ ਆਪਣੇ ਸਮਰਥਕਾਂ ਨੂੰ ਲਿਖਿਆ ਕਿ ਮੈਂ ਸੁਰੱਖਿਅਤ ਹਾਂ। ਹੁਣ ਮੈਨੂੰ ਕੋਈ ਰੁਕਾਵਟ ਨਹੀਂ ਰੋਕ ਸਕਦੀ, ਯਾਦ ਰੱਖੋ ਕਿ ਮੈਂ ਕਦੇ ਸਮਰਪਣ ਨਹੀਂ ਕਰਾਂਗਾ। ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਵੀ ਇਸ ਹਮਲੇ `ਤੇ ਚਿੰਤਾ ਪ੍ਰਗਟਾਈ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਅਮਰੀਕਾ `ਚ ਹਿੰਸਾ ਲਈ ਕੋਈ ਥਾਂ ਨਹੀਂ ਹੈ।ਸਥਾਨਕ ਪੁਲਸ ਅਧਿਕਾਰੀ ਬ੍ਰੈਡਸ਼ੌ ਨੇ ਬੀਬੀਸੀ ਨੂੰ ਇਸ ਹਮਲੇ ਬਾਰੇ ਵਿਸਥਾਰ ਵਿੱਚ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਸਮੇਂ ਮੌਕੇ `ਤੇ ਮੌਜੂਦ ਸੀਕ੍ਰੇਟ ਸਰਵਿਸ ਏਜੰਟ ਨੇ ਬਹੁਤ ਵਧੀਆ ਕੰਮ ਕੀਤਾ ਸੀ। ਉਸ ਅਨੁਸਾਰ, ਅਧਿਕਾਰੀ ਨੇ ਪਹਿਲਾਂ ਹੀ ਦੇਖਿਆ ਸੀ ਕਿ ਵਾੜ ਦੇ ਬਾਹਰ ਇੱਕ ਰਾਈਫਲ ਦਿਖਾਈ ਦੇ ਰਹੀ ਸੀ। ਇਸ ਤੋਂ ਤੁਰੰਤ ਬਾਅਦ ਸ਼ੱਕੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਫਰਾਰ ਹੋ ਗਿਆ। ਫਿਲਹਾਲ ਅਜਿਹੀਆਂ ਖਬਰਾਂ ਹਨ ਕਿ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੂਜੇ ਪਾਸੇ ਵ੍ਹਾਈਟ ਹਾਊਸ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਹਰ ਅਪਡੇਟ `ਤੇ ਨਜ਼ਰ ਰੱਖੀ ਜਾ ਰਹੀ ਹੈ।

Leave a Comment

Your email address will not be published. Required fields are marked *

Scroll to Top