ਦਿਲੀ, 31 ਦਸੰਬਰ : ਅਧੋਧਿਆ ਵਿਖੇ ਸ੍ਰੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਮੌਕੇ ਵਿਸ਼ੇਸ਼ ਪੂਜਾ ਕਰਵਾਈ ਗਈ, ਜਿਸ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਦਰ ਕੰਪਲੈਕਸ ਵਿੱਚ ਮੌਜੂਦ ਅੰਨਪੂਰਨਾ ਮੰਦਰ ਵਿੱਚ ਕੇਸਰੀ ਝੰਡਾ ਲਹਿਰਾਇਆ ਅਤੇ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਦੇ ਮੌਕੇ ਕਰਵਾਈਆਂ ਗਈਆਂ ਧਾਰਮਿਕ ਪ੍ਰਾਰਥਨਾਵਾਂ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਹਾਜ਼ਰ ਰਹੇ।
ਜਿਕਰਯੋਗ ਹੈ ਕਿ ਅਧੋਧਿਆ ਵਿਖੇ ਸ੍ਰੀ ਰਾਮ ਮੰਦਰ ਕੰਪਲੈਕਸ ਪਹੁੰਚਣ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਨੂਮਾਨਗੜ੍ਹੀ ਮੰਦਰ ਵਿੱਚ ਵੀ ਵਿਧੀਵਤ ਪੂਜਾ ਅਰਚਨਾ ਕਰਕੇ ਦੇਸ਼ ਦੀ ਖੁਸ਼ਹਾਲੀ ਅਤੇ ਅਮਨ-ਚੈਨ ਲਈ ਅਰਦਾਸ ਕੀਤੀ।
ਅੰਨਪੂਰਨਾ ਮੰਦਰ ਰਾਮ ਮੰਦਰ ਕੰਪਲੈਕਸ ਅੰਦਰ ਬਣੇ ਸੱਤ ਪ੍ਰਮੁੱਖ ਮੰਦਰਾਂ ਵਿੱਚੋਂ ਇੱਕ ਹੈ। ਇਹ ਧਾਰਮਿਕ ਸਮਾਗਮ ਉਸ ਪ੍ਰੋਗਰਾਮ ਤੋਂ ਕੁਝ ਦਿਨਾਂ ਬਾਅਦ ਆਯੋਜਿਤ ਕੀਤਾ ਗਿਆ, ਜਦੋਂ 25 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੇ ਸ਼ਿਖਰ ’ਤੇ ਕੇਸਰੀ ਝੰਡਾ ਲਹਿਰਾ ਕੇ ਮੰਦਰ ਦੀ ਉਸਾਰੀ ਦੇ ਪੂਰੇ ਹੋਣ ਦਾ ਐਲਾਨ ਕੀਤਾ ਸੀ।