ਅਧਿਆਪਕ ਡਾ. ਨਮਰਤਾ ਵਡੇਰਾ ਨੂੰ ਮਿਲਿਆ ‘ਭਾਰਤ ਸ਼ਿਖਸ਼ਾ ਰਤਨ ਐਵਾਰਡ’

ਪਟਿਆਲਾ, 9 ਸਤੰਬਰ- ਪੰਜਾਬੀ ਯੂਨੀਵਰਸਿਟੀ ਵਿੱਚ ਸਮਾਜ ਵਿਗਿਆਨ ਵਿਸ਼ੇ ਦੇ ਅਧਿਆਪਕ ਡਾ. ਨਮਰਤਾ ਵਡੇਰਾ ਨੂੰ ਕਰਨਾਟਕ ਦੇ ਬੰਗਲੌਰ ਵਿੱਚ ਡਾ. ਐੱਸ. ਰਾਧਾ ਕ੍ਰਿਸ਼ਨਨ ਅਧਿਆਪਕ ਭਲਾਈ ਸੰਘ ਵੱਲੋਂ ‘ਭਾਰਤ ਸ਼ਿਖਸ਼ਾ ਰਤਨ ਐਵਾਰਡ’ ਦਿੱਤੇ ਜਾਣ ਉੱਤੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਡਾ. ਨਮਰਤਾ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਅਤੇ ਸਮਾਜਿਕ ਮਾਨਵ ਵਿਗਿਆਨ ਵਿਭਾਗ ਵਿਖੇ ਸਹਾਇਕ ਪ੍ਰੋਫ਼ੈਸਰ ਅਤੇ ਮੁਖੀ ਵਜੋਂ ਕਾਰਜਸ਼ੀਲ ਹਨ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਨੂੰ ਸਨਮਾਨ ਮਿਲਣ ਨਾਲ਼ ਅਦਾਰੇ ਦੇ ਵੱਕਾਰ ਵਿੱਚ ਵਾਧਾ ਹੁੰਦਾ ਹੈ। ਅਦਾਰਾ ਆਪਣੇ ਅਜਿਹੇ ਅਧਿਆਪਕਾਂ ਉੱਤੇ ਮਾਣ ਮਹਿਸੂਸ ਕਰਦਾ ਹੈ।
ਡਾ. ਨਮਰਤਾ ਵਡੇਰਾ ਨੇ ਦੱਸਿਆ ਕਿ ਦੇਸ ਭਰ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਸਿਟੀਆਂ ਤੋਂ 22 ਅਧਿਆਪਕਾਂ ਨੂੰ ਇਸ ਐਵਾਰਡ ਨਾਲ਼ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ‘ਡਾ. ਐੱਸ. ਰਾਧਾ ਕ੍ਰਿਸ਼ਨਨ ਅਧਿਆਪਕ ਭਲਾਈ ਸੰਘ’ ਭਾਰਤ ਵਿੱਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਰਾਸ਼ਟਰੀ ਸੰਗਠਨ ਹੈ, ਜਿਸ ਵਿੱਚ ਭਾਰਤ ਦੇ ਸਭ ਰਾਜਾਂ ਤੋਂ ਮੈਂਬਰ ਸ਼ਾਮਿਲ ਹੁੰਦੇ ਹਨ। ਇਹ ਸੰਘ ਅਧਿਆਪਨ ਖੇਤਰ ਵਿੱਚ ਕੁਸ਼ਲਤਾ ਭਰਪੂਰ ਪੇਸ਼ੇਵਰ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਇਹ ਐਵਾਰਡ ਦਿੰਦਾ ਹੈ।
ਵਰਨਣਯੋਗ ਹੈ ਕਿ ਡਾ. ਨਮਰਤਾ ਵਡੇਰਾ ਨੂੰ ਇਸ ਤੋਂ ਪਹਿਲਾਂ ਹੋਰ ਵੀ ਕਈ ਐਵਾਰਡ ਪ੍ਰਾਪਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚ 2022 ਦੌਰਾਨ ਗਲੋਬਲ ਇੰਟਲੈਕਚੁਅਲ ਫੋਰਮ ਦੇ ਸਹਿਯੋਗ ਨਾਲ਼ ‘ਵਿਮੈਨ ਅਚੀਵਰਜ਼’ ਵੱਲੋਂ ਪ੍ਰਾਪਤ ਹੋਇਆ ‘ਇੰਟਲੈਕਚੁਅਲ ਆਫ਼ ਦ ਈਅਰ ਅਵਾਰਡ’, 2021 ਦੌਰਾਨ ਪ੍ਰਾਪਤ ਹੋਇਆ ‘ਨੈਸ਼ਨਲ ਅਲੀਟ ਟੀਚਰ ਐਵਾਰਡ’, 2020 ਦੌਰਾਨ ‘ਵੀਵਾ’ ਵੱਲੋਂ ਹਿਊਮੈਨਟੀਜ਼ ਅਤੇ ਸੋਸ਼ਲ ਸਾਇੰਸਜ਼ ਦੇ ਖੇਤਰ ਵਿੱਚ ਹਾਸਿਲ ਹੋਇਆ ‘ਯੰਗ ਵੁਮੈਨ ਐਵਾਰਡ’ ਆਦਿ ਸ਼ਾਮਿਲ ਹਨ। ਡਾ. ਨਮਰਤਾ 2008 ਦੌਰਾਨ ‘ਚਾਂਸਲਰ ਆਫ਼ ਐਕਸੀਲੈਂਸ’ ਨਾਲ਼ ਵੀ ਸਨਮਾਨਿਤ ਹਨ।
Scroll to Top