ਪਟਿਆਲਾ, 21 ਅਗਸਤ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੈਰ-ਅਧਿਆਪਕ ਕਰਮਚਾਰੀਆਂ, ਅਧਿਆਪਕਾਂ ਤੇ ਹੋਰ ਸਟਾਫ ਨੇ ਆਪਣੀਆਂ 20 ਦਿਨਾਂ ਤੋਂ ਲਟਕ ਰਹੀਆਂ ਤਨਖਾਹਾਂ ਨਾ ਮਿਲਣ ਅਤੇ ਨਾਨ-ਟੀਚਿੰਗ ਦੀਆਂ ਚੋਣਾਂ ਬਹਾਲ ਕੀਤੀਆਂ ਜਾਣ ‘ ਇਸ ਮਸਲੇ ਕਰਕੇ ਅੱਜ ਯੂਨੀਵਰਸਿਟੀ ਦਾ ਮੇਨ ਗੇਟ ਤੇ ਧਰਨਾ ਦਿੱਤਾ ਗਿਆ। ਕਰਮਚਾਰੀਆਂ ਨੇ ਨਾਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਦੋਸ਼ ਲਗਾਇਆ ਕਿ ਸਰਕਾਰ ਪੰਜਾਬੀ ਯੂਨੀਵਰਸਿਟੀ ਵਰਗੇ ਮਾਂ ਬੋਲੀ ਦੇ ਸਭ ਤੋਂ ਵੱਡੇ ਸਿੱਖਿਆ ਕੇਂਦਰ ਨੂੰ ਬਰਬਾਦ ਕਰਨ ‘ਤੇ ਤੁੱਲੀ ਹੋਈ ਹੈ।ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ
ਗੁਰਜੀਤ ਸਿੰਘ ਗੋਪਾਲਪੁਰੀ ਨੇ ਕਿਹਾ ਕਿ ਕਰਮਚਾਰੀ ਆਪਣੇ ਘਰਾਂ ਦੇ ਖਰਚ, ਬੱਚਿਆਂ ਦੀ ਫੀਸ ਤੇ ਰੋਜ਼ਮਰਰਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ। ਪਰ ਸਰਕਾਰ ਨੂੰ ਕਰਮਚਾਰੀਆਂ ਦੇ ਦੁੱਖ ਦਰਦ ਨਾਲ ਕੋਈ ਲੈਣਾ ਦੇਣਾ ਨਹੀਂ।ਧਰਨਾ ਵਿੱਚ ਸ਼ਾਮਲ ਹੋਏ ਸਾਬਕਾ ਯੂਨੀਅਨ ਪ੍ਰਧਾਨ ਰਜਿੰਦਰ ਸਿੰਘ ਭਾਗੜੀਆ ਨੇ ਆਪਣੇ ਸਮੂਹ ਸਾਥੀਆਂ ਸਮੇਤ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਖੜ੍ਹੇ ਕੀਤੇ ਤੇ ਕਿਹਾ ਕਿ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚ ਧੱਕਣ ਦਾ ਸਾਜ਼ਿਸ਼ੀ ਖੇਡ ਖੇਡੀ ਜਾ ਰਹੀ ਹੈ|ਇਸ ਮੌਕੇ ਗੋਪਾਲਪੁਰੀ ਨੇ ਸਭ ਗੈਰ-ਅਧਿਆਪਕ ਕਰਮਚਾਰੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਬੋਲੀ ਦੇ ਹੱਕ ਵਿੱਚ ਚਲ ਰਹੇ ਇਸ ਸੰਘਰਸ਼ ਦਾ ਹਿੱਸਾ ਬਣਨ।
ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਤਨਖਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।ਵੱਡੀ ਗਿਣਤੀ ਮੁਲਾਜ਼ਮਾਂ ਤੋ ਇਲਾਵਾ ਜਗਤਾਰ ਸਿੰਘ ਸੈਣੀ, ਅਮਰਜੀਤ ਪਾਲਾ, ਹਰਨੇਕ ਸਿੰਘ ਗੋਲਡੀ, ਸਜੀਵ ਕੁਮਾਰ, ਪਰਕਾਸ਼ ਧਾਲੀਵਾਲ, ਸ਼ਰਨਜੀਤ ਕੋਰ, ਅਮਰਜੀਤ ਕੋਰ , ਇੰਦਰਪਾਲ ਸੋਨੀ, ਅਨੂਪ ਸਿੰਘ ਧਾਲੀਵਾਲ,ਸ਼ਿਵ ਸਰਜਨ, ਹਰਦਾਸ ਸਿੰਘ ਆਦਿ ਮੁਲਾਜ਼ਮ ਆਗੂ ਹਾਜ਼ਰ ਸਨ |