ਪਟਿਆਲਾ, 10 ਨਵੰਬਰ — ਸ਼ਹਿਰ ਦੀ ਖਰਾਬ ਸੜਕਾਂ ਅਤੇ ਰੋਜ਼ਾਨਾ ਵਧ ਰਹੇ ਟ੍ਰੈਫ਼ਿਕ ਪ੍ਰੇਸ਼ਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ, ਨਗਰ ਨਿਗਮ ਪਟਿਆਲਾ ਵੱਲੋਂ ਅਜੀਤ ਨਗਰ ਇਲਾਕ਼ੇ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਲੰਬੇ ਸਮੇਂ ਤੋਂ ਬਕਾਇਆ ਪਈ ਮੇਨ ਰੋਡ ਦੇ ਨਿਰਮਾਣ ਦਾ ਕੰਮ ਅੱਜ ਸ਼ੁਰੂ ਕਰਵਾ ਦਿੱਤਾ ਗਿਆ। ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਨੇ ਸਾਈਟ ’ਤੇ ਪਹੁੰਚ ਕੇ ਸੜਕ ਨਿਰਮਾਣ ਦਾ ਸ਼ੁਭ ਅਰੰਭ ਕਰਵਾਇਆ। ਇਸ ਮੌਕੇ ਵਾਰਡ ਨੰਬਰ 56 ਕੌਂਸਲਰ ਹਨੀ ਲੁਥਰਾ ਅਤੇ ਇਲਾਕਾ ਨਿਵਾਸੀ ਵਿਸ਼ੇਸ ਤੌਰ ਤੇ ਮੌਜੂਦ ਸਨ।
ਇਸ ਮੌਕੇ ਗੱਲਬਾਤ ਦੌਰਾਨ ਮੇਅਰ ਅਤੇ ਕਮਿਸ਼ਨਰ ਨੇ ਸਾਂਝੇ ਤੌਰ ਤੇ ਕਿਹਾ ਕਿ ਸ਼ਹਿਰ ਦੇ ਹਰ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਨਿਗਮ ਦੀ ਸਰਵੋਚ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਦੱਸਿਆ ਕਿ ਅਜੀਤ ਨਗਰ ਦੀ ਮੇਨ ਰੋਡ ਪਿਛਲੇ ਕੁਝ ਮਹੀਨਿਆਂ ਤੋਂ ਖਰਾਬ ਹਾਲਤ ਵਿੱਚ ਸੀ, ਜਿਸ ਕਾਰਨ ਸਥਾਨਕ ਵਸਨੀਕਾਂ ਅਤੇ ਵਪਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੜਕ ਦੇ ਟੁੱਟੇ ਹਿੱਸਿਆਂ ਕਾਰਨ ਟ੍ਰੈਫ਼ਿਕ ਜਾਮ, ਧੂੜ, ਪਾਣੀ ਖੜ੍ਹਾ ਹੋਣਾ ਅਤੇ ਦਿਨ–ਚੜ੍ਹੇ ਹਾਦਸਿਆਂ ਦੇ ਵੀ ਖ਼ਤਰੇ ਵਧ ਗਏ ਸਨ।
ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਵੀਂ ਸੜਕ ਦਾ ਨਿਰਮਾਣ ਤਹਿ ਕੀਤੇ ਨਿਯਮਾਂ ਅਤੇ ਗੁਣਵੱਤਾ ਮਾਪਦੰਡਾਂ ਅਧੀਨ ਕੀਤਾ ਜਾਵੇਗਾ। ਉਨ੍ਹਾਂ ਨੇ ਇੰਜੀਨੀਅਰਿੰਗ ਵਿਭਾਗ ਨੂੰ ਖਾਸ ਤੌਰ ’ਤੇ ਹੁਕਮ ਦਿੱਤੇ ਕਿ ਸਮੱਗਰੀ ਦੀ ਗੁਣਵੱਤਾ ’ਤੇ ਕੋਈ ਸਮਝੌਤਾ ਨਾ ਕੀਤਾ ਜਾਵੇ। ਇਸਦੇ ਨਾਲ ਹੀ ਸੀਵਰੇਜ, ਪਾਣੀ ਨਿਕਾਸ ਪ੍ਰਣਾਲੀ ਅਤੇ ਸੜਕ ਦੇ ਦੋਨੋਂ ਪਾਸਿਆਂ ਵਾਲੀਆਂ ਗਲੀਆਂ ਦੀ ਵੀ ਮੁਰੰਮਤ ਦੀ ਤਿਆਰੀ ਕੀਤੀ ਜਾਵੇਗੀ, ਤਾਂ ਜੋ ਭਵਿੱਖ ਵਿੱਚ ਮੀਂਹ ਦੇ ਸਮੇਂ ਪਾਣੀ ਖੜ੍ਹੇ ਹੋਣ ਦੀ ਸਮੱਸਿਆ ਨਾ ਬਣੇ।
ਇਸ ਮੌਕੇ ਸਥਾਨਕ ਵਸਨੀਕਾਂ ਅਤੇ ਦੁਕਾਨਦਾਰਾਂ ਨੇ ਮੇਅਰ ਅਤੇ ਕਮਿਸ਼ਨਰ ਦਾ ਸਵਾਗਤ ਕੀਤਾ ਅਤੇ ਇਸ ਕਦਮ ਦੀ ਸਰਾਹਨਾ ਕੀਤੀ। ਲੋਕਾਂ ਨੇ ਕਿਹਾ ਕਿ ਖਰਾਬ ਸੜਕ ਕਾਰਨ ਉਹਨਾਂ ਨੂੰ ਬੱਚਿਆਂ ਨੂੰ ਸਕੂਲ ਲੈ ਕੇ ਜਾਣ, ਰੋਜ਼ਾਨਾ ਸਫ਼ਰ ਅਤੇ ਐਂਬੂਲੈਂਸ ਆਵਾਜਾਈ ਵਿੱਚ ਬਹੁਤ ਸਮੱਸਿਆ ਆ ਰਹੀ ਸੀ।
ਮੇਅਰ ਨੇ ਸਖ਼ਤ ਰੁੱਖ ਅਖ਼ਤਿਆਰ ਕਰਦਿਆਂ ਕਿਹਾ ਕਿ ਕੰਮ ਸਮੇਂ ਸਿਰ ਅਤੇ ਬਿਨਾਂ ਦੇਰੀ ਦੇ ਮੁਕੰਮਲ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨਿਗਰਾਨੀ ਟੀਮ ਨੂੰ ਨਿਯਮਿਤ ਰਿਪੋਰਟ ਪੇਸ਼ ਕਰਨ ਦੇ ਹੁਕਮ ਵੀ ਜਾਰੀ ਕੀਤੇ।
ਅੰਤ ਵਿੱਚ, ਉਪਰੋਕਤ ਦੋਹਾਂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ ਅਤੇ ਜਿੱਥੇ–ਜਿੱਥੇ ਵੀ ਲੋਕ ਸਮੱਸਿਆ ਦਰਸਾਉਣਗੇ, ਉੱਥੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਦਾ ਉਦੇਸ਼ ਹੈ ਕਿ ਪਟਿਆਲਾ ਨੂੰ ਸਾਫ, ਸੁਰੱਖਿਅਤ ਅਤੇ ਸੁਵਿਧਾਜਨਕ ਸ਼ਹਿਰ ਬਣਾਇਆ ਜਾਵੇ।