ਪਟਿਆਲਾ 26 ਫਰਵਰੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ ਦੇ ਅਗਾਮੀ ਬਜਟ ਸੈਸ਼ਨ ਵਿਚ ਪੰਜਾਬ ਦੀਆਂ ਦੋ ਅਹਿਮ ਯੂਨੀਵਰਸਿਟੀਆਂ ਲਈ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਪੰਜਾਬ ਸਪੋਰਟਸ ਯੂਨੀਵਰਸਿਟੀ ਵਿਚ ਉਪ ਕੁਲਪਤੀ ਦੀ ਨਿਯੁਕਤੀ ਕਰਕੇ ਖੇਡ ਖੇਤਰ ਵਿਚ ਅੱਗੇ ਵੱਧਣਾ ਚਾਹੁੰਦੀ ਹੈ, ਪਰ ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸੰਕਟ ਪ੍ਰਤੀ ਵੱਡੀ ਅਣਦੇਖੀ ਵੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਵਿੱਤੀ ਸੰਕਟ ਨਾਲ ਜੂਝ ਰਹੀਆਂ ਹਨ ਅਤੇ ਆਏ ਦਿਨ ਮੁਲਾਜ਼ਮਾਂ ਤਨਖ਼ਾਹਾਂ ਦੇਰ ਨਾਲ ਮਿਲਣ ਕਾਰਨ ਧਰਨੇ ਮੁਜ਼ਾਹਰੇ ਕਰ ਰਹੇ ਹਨ। ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਰਕਾਰ ਦਾ ਬਜਟ ਸੈਸ਼ਨ ਆ ਰਿਹਾ ਹੈ ਅਤੇ ਇਸ ਬਜਟ ਵਿਚ ਸਰਕਾਰ ਨੂੰ ਪੰਜਾਬੀ ਯੂਨੀਵਰਸਿਟੀ ਅਤੇ ਸਪੋਰਟਸ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿਚ ਕੱਢਣ ਲਈ ਵਿੱਤੀ ਸਹਾਇਤਾ ਦੇਣੀ ਚਾਹੀਦੀ ਤਾਂ ਕਿ ਯੂਨੀਵਰਸਿਟੀਆਂ ਦਾ ਜਿਹੜਾ ਬਜਟ ਡਗਮਗਾਇਆ ਪਿਆ ਉਸ ਨੂੰ ਪੈਰਾਂ ਸਿਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਕਿ ਸਪੋਰਟਸ ਯੂਨੀਵਰਸਿਟੀ ਵਿਚ ਉਪ ਕੁਲਪਤੀ ਦੀ ਨਿਯੁਕਤੀ ਸ਼ਲਾਘਾਯੋਗ ਕਦਮ ਹੈ, ਪ੍ਰੰਤੂ ਯੂਨੀਵਰਸਿਟੀਆਂ ਅੰਦਰਲੇ ਆਰਥਿਕ ਵਿੱਤੀ ਸੰਕਟ ਕਿਵੇਂ ਦੂਰ ਕਰਨੇ ਹਨ ਇਸ ਪ੍ਰਤੀ ਵੀ ਸਰਕਾਰ ਨੂੰ ਸੰਜੀਦਾ ਹੋਣ ਦੀ ਲੋੜ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਮਾਲਵਾ ਖੇਤਰ ਦੀ ਇਕੋ ਇਕ ਖੋਜ ਕਾਰਜ ਕਰਨ ਵਾਲੀ ਯੂਨੀਵਰਸਿਟੀ ਹੈ ਅਤੇ ਸਪੋਰਟਸ ਯੂਨੀਵਰਸਿਟੀ ਵਿਚ ਤਾਂ ਹੀ ਅਜਿਹੇ ਖਿਡਾਰੀ ਪੈਦਾ ਕਰ ਸਕੇਗੀ, ਜਦੋਂ ਯੂਨੀਵਰਸਿਟੀਆਂ ਖੁਦ ਵਿੱਤ ਤੌਰ ’ਤੇ ਮਜਬੂਤ ਹੋਣਗੀਆਂ ਇਸ ਕਰਕੇ ਅਗਾਮੀ ਬਜਟ ਸੈਸ਼ਨ ਵਿਚ ਸਰਕਾਰ ਨੂੰ ਯੂਨੀਵਰਸਿਟੀਆਂ ਨੂੰ ਵਿੱਤੀ ਸੰਕਟ ਵਿਚੋਂ ਕੱਢਣ ਲਈ ਵਿੱਤੀ ਸਹਾਇਤਾ ਦੇ ਤੌਰ ’ਤੇ ਕਦਮ ਚੁੱਕਣੇ ਚਾਹੀਦੇ ਹਨ।