ਹੈਰੋਇਨ ਦੀ ਓਵਰਡੋਜ਼ ਲੈਣ ਕਾਰਨ ਇਕ ਨੌਜਵਾਨ ਦੀ ਹੋਈ ਮੌਤ
ਅੰਮ੍ਰਿਤਸਰ : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਪਿੰਡ ਵਰਿਆਮ ਨੰਗਲ ਦੇ ਟੋਲ ਪਲਾਜ਼ਾ ਦੇ ਪਖਾਨੇ ਵਿਚ ਹੈਰੋਇਨ ਦੀ ਓਵਰਡੋਜ਼ ਲੈਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਹੈਰੋਇਨ ਦਾ ਟੀਕਾ ਲੱਗਣ ਕਾਰਨ ਮਰਨ ਵਾਲੇ ਨੌਜਵਾਨ ਦੀ ਪਛਾਣ ਸੰਤੋਖ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਪਿੰਡ ਅਬਦਾਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ `ਤੇ ਵਰਿਆਮ ਨੰਗਲ ਟੋਲ ਪਲਾਜ਼ਾ `ਤੇ ਸਵਾਰੀਆਂ ਲਈ ਖੋਲ੍ਹੇ ਗਏ ਪਖਾਨੇ `ਚ ਸਵੇਰੇ ਉਕਤ ਨੌਜਵਾਨ ਦੀ ਲਾਸ਼ ਪਈ ਮਿਲੀ। ਉਸ ਦੇ ਕੋਲ ਇਕ ਸਰਿੰਜ ਵੀ ਪਈ ਸੀ। ਇਹ ਨੌਜਵਾਨ ਰਾਤ ਨੂੰ ਹੀ ਟੋਲ ਪਲਾਜ਼ਾ ਦੇ ਇਨ੍ਹਾਂ ਪਖਾਨਿਆਂ ਵਿਚ ਦਾਖਲ ਹੋਇਆ ਸੀ। ਜਿੱਥੇ ਉਸ ਨੇ ਹੈਰੋਇਨ ਦਾ ਟੀਕਾ ਲਗਾ ਕੇ ਓਵਰਡੋਜ਼ ਲੈ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਕੱਥੂਨੰਗਲ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ `ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਦੋਂ ਟੋਲ ਪਲਾਜ਼ਾ ਦੇ ਡਿਪਟੀ ਮੈਨੇਜਰ ਵਿਕਾਸ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਪਖਾਨੇ ਖੁੱਲ੍ਹੇ ਰੱਖੇ ਜਾਂਦੇ ਹਨ, ਪਰ ਕਈ ਵਾਰ ਨਸ਼ੇੜੀ ਰਾਤ ਸਮੇਂ ਅੰਦਰ ਵੜ ਜਾਂਦੇ ਹਨ ਅਤੇ ਜੇਕਰ ਰੋਕਿਆ ਜਾਵੇ ਤਾਂ ਲੜਾਈ ਝਗੜਾ ਕਰਦੇ ਹਨ।