ਪਟਿਆਲਾ 31 ਜਨਵਰੀ – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਵੱਲੋਂ ਗੁਰੂ ਘਰ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਉਚੇਚੇ ਤੌਰ ’ਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜੂ ਵੀ ਪੁੱਜੇ ਹੋਏ ਸਨ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਹਜੂਰੀ ਰਾਗੀ ਕੀਰਤਨੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਨਾਲ ਸਾਰਿਆਂ ਨੂੰ ਨਿਹਾਲ ਕੀਤਾ ਗਿਆ।
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਦੀਵਾਨ ਹਾਲ ਵਿਖੇ ਧਾਰਮਕ ਸਮਾਗਮ ਆਯੋਜਤ ਕੀਤਾ ਗਿਆ ਇਸ ਦੌਰਾਨ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਗੁਰੂ ਸਾਹਿਬ ਵਾਤਾਵਰਣ ਪ੍ਰੇਮੀ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਰਚਿਤ ਬਾਣੀ, ਜਿਨ੍ਹਾਂ ਪਵਨ ਗੁਰੂ, ਪਾਣੀ ਪਿਤਾ ਮਾਤਾ ਧਰਤਿ ਮਹੱਤ ਨੂੰ ਬਚਾਉਣ ’ਤੇ ਹਮੇਸ਼ਾ ਜ਼ੋਰ ਦਿੱਤਾ।
ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਗੁਰਬਾਣੀ ਫਲਸਫੇ ਅਨੁਸਾਰ ਹਵਾ, ਪਾਣੀ ਅਤੇ ਉਪਜਾਊ ਧਰਤ ਨੂੰ ਬਚਾਈਏ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਅਜਿਹੇ ਬੂਟੇ, ਦਰਖਤ ਲਗਾਏ ਜਾਣ ਤਾਂ ਜੋ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਅਤੇ ਦਿਨ ਬ ਦਿਨ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਡਿੱਗਣਾ ਇਸ ਗੱਲ ਵੱਲ ਸੰੇਕਤ ਦਿੰਦਾ ਹੈ ਕਿ ਪਾਣੀ ਦੀ ਦੁਰਵਰਤੋਂ ਨੂੰ ਰੋਕਿਆ ਜਾਵੇ।
ਇਸ ਮੌਕੇ ਮੈਨੇਜਰ ਭਾਗ ਸਿੰਘ ਰਾਜਪੁਰਾ, ਐਡੀਸ਼ਨਲ ਮੈਨੇਜਰ ਮਨਦੀਪ ਸਿੰਘ ਭਲਵਾਨ, ਸੁਪਰਵਾਈਜ਼ਰ ਕਰਨੈਲ ਸਿੰਘ ਵਿਰਕ, ਵਰਿੰਦਰ ਸਿੰਘ ਗੋਲਡੀ, ਅਕਾਊਟੈਂਟ ਗੁਰਮੀਤ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ ਕਾਹਲਵਾਂ, ਰਜਨੀਸ਼ ਸਿੰਘ, ਹਰਵਿੰਦਰ ਸਿੰਘ ਕਾਹਲਵਾਂ, ਭਾਈ ਹਜ਼ੂਰ ਸਿੰਘ ਆਦਿ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਅਧਿਕਾਰੀ ਤੇ ਸਮੂਹ ਸਟਾਫ ਮੈਂਬਰ ਅਤੇ ਸੰਗਤਾਂ ਹਾਜ਼ਰ ਸਨ।