ਪਟਿਆਲਾ 18 ਸਤੰਬਰ – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਤ ਖੇਤਰਾਂ ਵਿਚ ਚਲਾਏ ਜਾ ਰਹੇ ਰਾਹਤ ਕਾਰਜ ਨੂੰ ਹੋਰ ਵੀ ਤੇਜ਼ ਕੀਤਾ ਜਾ ਰਿਹਾ ਹੈ ਅਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੀ ਯੋਗ ਅਗਵਾਈ ਵਿਚ ਵੱਡਮੁੱਲੇ ਕਾਰਜ ਨੂੰ ਨੇਪਰੇ ਚਾੜਿਆ ਜਾ ਰਿਹਾ ਹੈ। ਇਸ ਸਬੰਧ ਵਿਚ ਸ਼ੋ੍ਰਮਣੀ ਕਮੇਟੀ ਪ੍ਰਧਾਨ ਵੱਲੋਂ ਵੱਖ ਵੱਖ ਸਿੱਖ ਸੰਸਥਾਵਾਂ, ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਲੋਕ ਗੁਰਦੁਆਰਾ ਕਮੇਟੀਆਂ ਨੂੰ ਇਸ ਮੁਹਿੰਮ ਵਿਚ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ ਅਤੇ
ਸ਼ੋ੍ਰਮਣੀ ਕਮੇਟੀ ਮੈਂਬਰਾਂ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਜਥੇਦਾਰ ਜਸਮੇਰ ਸਿੰਘ ਲਾਛੜੂ ਦੀ ਪ੍ਰੇਰਨਾ ਸਦਕਾ ਇਲਾਕੇ ਦੀਆਂ ਸੰਗਤਾਂ ਵੀ ਅੱਗੇ ਆ ਰਹੀਆਂ ਹਨ, ਜਿਸ ਤਹਤ ਗੁਰਦੁਆਰਾ ਕਲਗੀਧਰ ਸਾਹਿਬ ਸਨੌਰ ਦੀਆਂ ਸੰਗਤਾਂ ਨੇ ਹੜ੍ਹ ਪ੍ਰਭਾਵਤ ਖੇਤਰਾਂ ਤੱਕ ਰਸਦ ਪਹੁੰਚਾਉਣ ਲਈ ਗੁਰਦੁਅਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਤੱਕ ਪਹੁੰਚ ਕੀਤੀ ਗਈ ਹੈ।
ਇਸ ਸਬੰਧ ਵਿਚ ਜਾਣਕਾਰੀ ਸਾਂਝੀ ਕਰਦਿਆਂ ਮੈਨੇਜਰ ਭਾਗ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਕਲਗੀਧਰ ਸਾਹਿਬ ਸਨੌਰ ਦੀਆਂ ਸੰਗਤਾਂ ਅੱਜ ਹੜ੍ਹ ਪ੍ਰਭਾਵਤ ਖੇਤਰ ਵਿਚ ਪ੍ਰਭਾਵਤ ਲੋੜਵੰਦਾਂ ਤੱਕ ਰਾਹਤ ਸਮੱਗਰੀ ਲੈ ਕੇ ਪੁੱਜੀਆਂ, ਜਿਨਾਂ ਨੇ ਰਸਦ ਵਿਚ ਆਟੇ ਦੀਆਂ 140 ਥੈਲੀਆਂ, 100 ਬੋਤਲਾਂ ਸਰੋਂ ਦੀਆਂ, 25 ਪੇਟੀਆਂ ਪਾਣੀ ਦੀਆਂ ਤੋਂ ਇਲਾਵਾ ਦਾਲਾਂ, ਬਿਸਕੁਟ, ਚੌਲ ਅਤੇ ਮਿਕਸ ਸਾਮਾਨ ਵੀ ਗੁਰੂ ਘਰ ਵਿਚ ਪਹੁੰਚਾਇਆ ਗਿਆ। ਇਸ ਦੌਰਾਨ ਹਲਕਾ ਸਨੌਰ ਦੀਆਂ ਸੰਗਤਾਂ ’ਚ ਪ੍ਰਧਾਨ ਮਹਾਂਵੀਰ ਸਿੰਘ, ਵਰਿੰਦਰ ਸਿੰਘ ਖ਼ਜ਼ਾਨਚੀ, ਜਰਨੈਲ ਸਿੰਘ, ਹਰਦੀਪ ਸਿੰਘ, ਕਰਨੈਲ ਸਿੰਘ, ਸ਼ੇਰ ਸਿੰਘ ਤੋਂ ਇਲਾਵਾ ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ, ਮਨਜੀਤ ਸਿੰਘ ਪਵਾਰ ਆਦਿ ਸ਼ਾਮਲ ਸਨ।