ਪਟਿਆਲਾ, 26 ਦਸੰਬਰ — ਸ਼ਹਿਰ ਵਿੱਚ ਲਗਾਤਾਰ ਵਧ ਰਹੀ ਟਰੈਫ਼ਿਕ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵੱਲੋਂ ਟਰੈਫ਼ਿਕ ਸਿਟੀ ਇੰਚਾਰਜ-1 ਜਪਨਾਮ ਸਿੰਘ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਸੁਚੱਜੇ ਟਰੈਫ਼ਿਕ ਪ੍ਰਬੰਧ ਲਈ ਕਈ ਨਵੇਂ ਫ਼ੈਸਲੇ ਲਏ ਗਏ। ਇਸ ਮੀਟਿੰਗ ਦਾ ਮੁੱਖ ਮਕਸਦ ਟਰੈਫ਼ਿਕ ਜਾਮ ਕਾਰਨ ਲੋਕਾਂ ਨੂੰ ਹੋ ਰਹੀਆਂ ਦਿਨ-ਰਾਤ ਦੀਆਂ ਮੁਸ਼ਕਲਾਂ ਦਾ ਹੱਲ ਲੱਭਣਾ ਅਤੇ ਆਉਣ ਵਾਲੇ ਸਮੇਂ ਵਿੱਚ ਸਫ਼ਰ ਨੂੰ ਹੋਰ ਸੌਖਾ ਬਣਾਉਣਾ ਸੀ।
ਮੇਅਰ ਨੇ ਦੱਸਿਆ ਕਿ ਸ਼ਹਿਰ ਦੇ ਮਹੱਤਵਪੂਰਨ ਰੂਟਾਂ ‘ਤੇ ਆਵਾਜਾਈ ਨੂੰ ਕੰਟਰੋਲ ਕਰਨ ਲਈ ਖ਼ਾਸ ਪਲੈਨ ਤਿਆਰ ਕੀਤਾ ਗਿਆ ਹੈ। ਲੀਲਾ ਭਵਨ ਤੋਂ ਅਮਰ ਹਸਪਤਾਲ ਵਾਲੀ ਸੜਕ, ਲੀਲਾ ਭਵਨ ਤੋਂ ਫ਼ਵਾਰਾ ਚੌਂਕ ਰਾਹੀਂ ਬੈਕ ਸਾਈਡ ਸਰਕਾਰੀ ਰਜਿੰਦਰਾ ਹਸਪਤਾਲ, ਬਡੁੰਗਰ ਰੋਡ ਖਾਲਸਾ ਕਾਲਜ ਨੂੰ ਜਾਂਦੀ ਸੜਕ, ਪੁਰਾਣੇ ਬੱਸ ਸਟੈਂਡ ਤੋਂ ਲਾਹੋਰੀ ਗੇਟ ਵੱਲ ਸਰਕਾਰੀ ਮਾਤਾ ਕੁਸ਼ੱਲਿਆ ਹਸਪਤਾਲ ਵਾਲੀ ਸੜਕ, ਅਤੇ ਸ਼ਹਿਰ ਦੀਆਂ ਹੋਰ ਨਾਮਵਰ ਸੜਕਾਂ ਨੂੰ ਖ਼ਾਸ ਤੌਰ ‘ਤੇ ਇਸ ਯੋਜਨਾ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਖੇਤਰਾਂ ਵਿੱਚ ਲੰਬੇ ਸਮੇਂ ਤੋਂ ਜਾਮ ਦੀ ਸਮੱਸਿਆ ਕਾਰਨ ਐਮਰਜੈਂਸੀ ਸੇਵਾਵਾਂ ਨੂੰ ਵੀ ਅਕਸਰ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਟਰੈਫ਼ਿਕ ਇੰਚਾਰਜ-1 ਜਪਨਾਮ ਸਿੰਘ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਕਿ ਸੜਕਾਂ ਦੇ ਦੋਨੋਂ ਪਾਸਿਆਂ ਗ਼ੈਰ-ਕਾਨੂੰਨੀ ਪਾਰਕਿੰਗ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਈ ਸਥਾਨਾਂ ‘ਤੇ ਨੋ-ਪਾਰਕਿੰਗ ਜ਼ੋਨ, ਨਵੀਆਂ ਬੈਰੀਕੇਡਿੰਗ ਅਤੇ ਨਵੇਂ ਟਰੈਫ਼ਿਕ ਸਿਗਨਲ ਸਿਸਟਮ ਲਗਾਉਣ ਦੀ ਯੋਜਨਾ ਬਣਾਈ ਗਈ ਹੈ।
ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਸਵੇਰ ਸਕੂਲ ਸਮੇਂ ਅਤੇ ਸ਼ਾਮ ਦਫ਼ਤਰੀ ਸਮੇਂ ਦੌਰਾਨ ਖਾਸ ਰੂਟਾਂ ਨੂੰ ਸਮਾਰਟ ਟਰੈਫ਼ਿਕ ਮੈਨੇਜਮੈਂਟ ਸਿਸਟਮ ਹੇਠ ਲਿਆ ਜਾਵੇ, ਤਾਂ ਜੋ ਇਹਨਾਂ ਘੰਟਿਆਂ ਵਿੱਚ ਵਾਹਨ ਚਲਾਣਾ ਸੌਖਾ ਹੋ ਸਕੇ। ਇਸੇ ਨਾਲ ਵਪਾਰੀ ਐਸੋਸੀਏਸ਼ਨਾਂ ਅਤੇ ਬਜ਼ਾਰ ਕਮੇਟੀਆਂ ਨਾਲ ਵੀ ਸਹਿਯੋਗ ਲਈ ਗੱਲਬਾਤ ਕੀਤੀ ਜਾਵੇਗੀ, ਤਾਂ ਜੋ ਦੁਕਾਨਦਾਰਾਂ ਅਤੇ ਵਾਹਨ ਚਾਲਕਾਂ ਨੂੰ ਨਿਯਮਾਂ ਦੀ ਪਾਲਣਾ ਲਈ ਜਾਗਰੂਕ ਕੀਤਾ ਜਾ ਸਕੇ।
ਮੇਅਰ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਟਰੈਫ਼ਿਕ ਯੋਜਨਾ ਨੂੰ ਬਹੁਤ ਜਲਦ ਹੀ ਲਾਗੂ ਕੀਤਾ ਜਾਵੇਗਾ । ਉਨਾਂ ਨੇ ਕਿਹਾ ਕਿ ਸਾਡਾ ਟੀਚਾ ਸ਼ਹਿਰ ਵਾਸੀਆਂ ਨੂੰ ਸੁਚੱਲ ਟਰੈਫ਼ਿਕ ਦੀ ਸਹੂਲਤ ਦੇਣਾ ਹੈ, ਤਾਂ ਜੋ ਹਰ ਸਫ਼ਰ ਬਿਨਾਂ ਰੁਕਾਵਟ ਦੇ ਮੁਕੰਮਲ ਹੋ ਸਕੇ ।