ਸ਼ਹਿਰ ਦੀ ਸਾਫ਼-ਸਫ਼ਾਈ ਨੂੰ ਲੈ ਕੇ ਮੇਅਰ ਕੁੰਦਨ ਗੋਗੀਆ ਸਖ਼ਤ

ਪਟਿਆਲਾ, 30 ਜਨਵਰੀ – ਅੱਜ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵੱਲੋਂ ਸ਼ਹਿਰ ਵਿੱਚ ਸਾਫ਼-ਸਫ਼ਾਈ ਦੀ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਦੇ ਮਕਸਦ ਨਾਲ ਹੈਲਥ ਬ੍ਰਾਂਚ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੈਨੀਟਰੀ ਇੰਸਪੈਕਟਰਾ , ਸਫ਼ਾਈ ਕਰਮਚਾਰੀਆਂ, ਮਸ਼ੀਨਰੀ ਅਤੇ ਮੈਨ ਪਾਵਰ ਨਾਲ ਸੰਬੰਧਿਤ ਮੁੱਦਿਆਂ ਦੇ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰ ਦੇ ਹਰ ਇਕ ਇਲਾਕੇ ਵਿੱਚ ਸਾਫ਼-ਸਫ਼ਾਈ ਯਕੀਨੀ ਬਣਾਉਣਾ ਨਗਰ ਨਿਗਮ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਨੇ ਸਪਸ਼ਟ ਹਦਾਇਤਾਂ ਦਿੰਦਿਆਂ ਕਿਹਾ ਕਿ ਸ਼ਹਿਰ ਵਿੱਚ ਜਿੱਥੇ ਵੀ ਕੂੜੇ ਦੇ ਪੁਆਇੰਟ ਬਣੇ ਹੋਏ ਹਨ, ਉੱਥੋਂ ਸਾਰਾ ਕੂੜਾ ਸਮੇਂ ਸਿਰ ਚੱਕਿਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਮੇਅਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਫ਼ਾਈ ਸਟਾਫ਼ ਵੱਲੋਂ ਦੱਸੀਆਂ ਗਈਆਂ ਦਿੱਕਤਾ ਜਿਵੇਂ ਕਿ ਮਸ਼ੀਨਰੀ ਦੀ ਘਾਟ, ਮੈਨ ਪਾਵਰ ਦੀ ਕਮੀ ਜਾਂ ਹੋਰ ਪ੍ਰਸ਼ਾਸਕੀ ਸਮੱਸਿਆਵਾਂ ਨੂੰ ਮੌਕੇ ‘ਤੇ ਹੀ ਹੱਲ ਕਰ ਦਿੱਤਾ ਗਿਆ ਹੈ, ਤਾਂ ਜੋ ਸਫ਼ਾਈ ਕਾਰਜ ਵਿੱਚ ਕੋਈ ਰੁਕਾਵਟ ਨਾ ਆਵੇ।
ਉਨ੍ਹਾਂ ਨੇ ਕਿਹਾ ਕਿ ਸਵੇਰੇ ਜਦੋਂ ਸਫ਼ਾਈ ਦਾ ਕੰਮ ਸ਼ੁਰੂ ਹੁੰਦਾ ਹੈ, ਉਸ ਸਮੇਂ ਸਾਰੇ ਇਲਾਕਿਆਂ ਦੇ ਸੈਨਿਟਰੀ ਇੰਸਪੈਕਟਰਾਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਖੁਦ ਆਪਣੇ-ਆਪਣੇ ਏਰੀਏ ਵਿੱਚ ਜਾ ਕੇ ਨਿਰੇਖਣ ਕਰਨ। ਇਸ ਨਾਲ ਸਫ਼ਾਈ ਦੇ ਕੰਮ ਦੀ ਗੁਣਵੱਤਾ ਬਣੀ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਹੋਵੇਗਾ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼, ਸੁਥਰਾ ਅਤੇ ਸਿਹਤਮੰਦ ਬਣਾਉਣ ਲਈ ਨਗਰ ਨਿਗਮ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਫ਼-ਸਫ਼ਾਈ ਪ੍ਰਬੰਧਾਂ ਦੀ ਲਗਾਤਾਰ ਸਮੀਖਿਆ ਕੀਤੀ ਜਾਂਦੀ ਰਹੇਗੀ।
Scroll to Top