ਪਟਿਆਲਾ, 11 ਦਸੰਬਰ — ਸੱਗੀ ਕ੍ਰਿਕਟ ਅਕੈਡਮੀ, ਵਿਕਾਸ ਕਲੋਨੀ ਪਟਿਆਲਾ ਵੱਲੋਂ ਸਵਰਗੀ ਹੰਸ ਰਾਜ ਸੱਗੀ ਦੀ ਯਾਦ ਵਿੱਚ ਆਯੋਜਿਤ ਅੰਡਰ-14 ਕ੍ਰਿਕਟ ਟੂਰਨਾਮੈਂਟ ਅੱਜ ਖੇਡ ਪ੍ਰੇਮੀਆਂ ਲਈ ਖਾਸ ਆਕਰਸ਼ਣ ਬਣਿਆ। ਇਸ ਮੌਕੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਖ਼ਾਸ ਤੌਰ ’ਤੇ ਪਹੁੰਚੇ।
ਉਨ੍ਹਾਂ ਨੇ ਨੌਜਵਾਨ ਖਿਡਾਰੀਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਟੂਰਨਾਮੈਂਟ ਦੀ ਖੇਡ-ਭਾਵਨਾ ਨੂੰ ਸਲਾਮ ਕੀਤਾ। ਇਸ ਮੌਕੇ ਸੁਨੀਲ ਸਾਗੀ ਕੋਚ, ਪੰਕਜ ਪਾਲ ਕੋਚ, ਅਨਿਲ ਯਾਦਵ ਮੈਨੇਜਰ, ਆਸ਼ੂ ਸੰਧੂ ਕੋਚ, ਰਾਜ ਕੁਮਾਰ ਰਾਜੂ ਕੋਚ, ਰਜਿੰਦਰ ਕੁਮਾਰ, ਸੰਜੇ ਮਹਿਤਾ, ਲੱਕੀ ਲਿਹਲ, ਸ਼ਿਵ ਰਾਜ ਐਮ ਸੀ, ਭੁਪਿੰਦਰ ਸਿੰਘ ਐਮ.ਸੀ ਵਿਸ਼ੇਸ਼ ਤੌਰ ਤੇ ਮੌਜੂਦ ਸਨ.
ਟੂਰਨਾਮੈਂਟ ਨੂੰ ਸਵਰਗੀ ਹੰਸ ਰਾਜ ਸੱਗੀ ਦੀ ਖੇਡਾਂ ਪ੍ਰਤੀ ਸਮਰਪਿਤ ਅਤੇ ਨੌਜਵਾਨ ਪ੍ਰਤੀ ਉਨ੍ਹਾਂ ਦੀ ਪ੍ਰੇਰਣਾਦਾਇਕ ਸੋਚ ਨਾਲ ਜੋੜਿਆ ਗਿਆ ਹੈ। ਇਸ ਮੌਕੇ ਸੱਗੀ ਕ੍ਰਿਕਟ ਅਕੈਡਮੀ ਦੇ ਕੋਚਾਂ ਤੇ ਆਯੋਜਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦੇਸ਼ ਪਟਿਆਲਾ ਅਤੇ ਆਸ-ਪਾਸ ਦੇ ਨੌਜਵਾਨ ਖਿਡਾਰੀਆਂ ਨੂੰ ਮੰਚ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਆਪਣੀ ਕਾਬਲਿਯਤ ਪੇਸ਼ ਕਰ ਸਕਣ ਅਤੇ ਭਵਿੱਖ ਵਿੱਚ ਵੱਡੇ ਪੱਧਰ ’ਤੇ ਖੇਡ ਸਕਣ।
ਮੁੱਖ ਮਹਿਮਾਨ ਵਜੋਂ ਪਹੁੰਚੇ ਮੇਅਰ ਕੁੰਦਨ ਗੋਗੀਆ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡ ਜ਼ਿੰਦਗੀ ਵਿੱਚ ਅਨੁਸ਼ਾਸਨ, ਮੇਹਨਤ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਸਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਹਮੇਸ਼ਾਂ ਤੋਂ ਖੇਡਾਂ ਦਾ ਕੇਂਦਰ ਰਿਹਾ ਹੈ ਅਤੇ ਨੌਜਵਾਨ ਪੀੜ੍ਹੀ ਦਾ ਖੇਡਾਂ ਵੱਲ ਰੁਝਾਨ ਸ਼ਹਿਰ ਲਈ ਗੌਰਵ ਦੀ ਗੱਲ ਹੈ। ਮੇਅਰ ਨੇ ਸੱਗੀ ਕ੍ਰਿਕਟ ਅਕੈਡਮੀ ਵੱਲੋਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਲਈ ਵਿਸ਼ੇਸ਼ ਤੌਰ ’ਤੇ ਆਭਾਰ ਜਤਾਇਆ ਅਤੇ ਕਿਹਾ ਕਿ ਸ਼ਹਿਰ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ, ਲੋੜ ਕੇਵਲ ਉਸ ਨੂੰ ਸਹੀ ਮੰਚ ਦੇਣ ਦੀ ਹੈ।
ਇਸ ਮੌਕੇ ਟੂਰਨਾਮੈਂਟ ਦੇ ਆਯੋਜਕਾਂ ਨੇ ਮੇਅਰ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਖਿਡਾਰੀਆਂ ਨੇ ਵੀ ਮੇਅਰ ਨਾਲ ਗੱਲਬਾਤ ਕਰਕੇ ਆਪਣੀਆਂ ਖੇਡ-ਸਬੰਧੀ ਯਾਦਾਂ ਸਾਂਝੀਆਂ ਕੀਤੀਆਂ।
ਟੂਰਨਾਮੈਂਟ ਦੇ ਦੌਰਾਨ ਵੱਖ-ਵੱਖ ਟੀਮਾਂ ਨੇ ਉਤਸ਼ਾਹ ਅਤੇ ਜੋਸ਼ ਨਾਲ ਹਿੱਸਾ ਲਿਆ। ਸਟੇਡਿਅਮ ਵਿੱਚ ਮੌਜੂਦ ਮਾਤਾ-ਪਿਤਾ ਅਤੇ ਖੇਡ ਪ੍ਰੇਮੀਆਂ ਨੇ ਨੌਜਵਾਨ ਖਿਡਾਰੀਆਂ ਨੂੰ ਖੂਬ ਪ੍ਰੋਤਸਾਹਿਤ ਕੀਤਾ। ਪ੍ਰੋਗਰਾਮ ਦਾ ਸਮਾਪਨ ਜਿੱਤਣ ਵਾਲੀ ਅਤੇ ਉੱਤਮ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਨਾਲ ਹੋਇਆ।