ਲੋਕ ਵੀ ਸਫ਼ਾਈ ਮੁਹਿੰਮ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ : ਮੇਅਰ ਗੋਗੀਆ

ਪਟਿਆਲਾ, 27 ਨਵੰਬਰ  — ਪਟਿਆਲਾ ਸ਼ਹਿਰ ਨੂੰ ਹੋਰ ਸਾਫ਼–ਸੁਥਰਾ ਅਤੇ ਸੁਚੱਜਾ ਬਣਾਉਣ ਦੀ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਂਦਿਆਂ ਮੇਅਰ ਕੁੰਦਨ ਗੋਗੀਆ ਨੇ ਅੱਜ ਸਫਾਈ ਵਿਭਾਗ ਅਤੇ ਸਬੰਧਤ ਮੁੱਖ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਹੈਲਥ ਅਫ਼ਸਰ, ਸੈਨੇਟਰੀ ਇੰਸਪੈਕਟਰਾਂ ਅਤੇ ਸਫਾਈ ਸਬੰਧੀ ਜ਼ਿੰਮੇਵਾਰ ਮੁਲਾਜ਼ਮਾਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।

ਮੀਟਿੰਗ ਦੌਰਾਨ ਹੈਲਥ ਅਫਸਰ ਨਵਿੰਦਰ ਸਿੰਘ, ਸੈਨੇਟਰੀ ਇੰਸਪੈਕਟਰ ਸੈਨੇਟਰੀ ਇੰਸਪੈਕਟਰ ਮੋਹਿਤ ਜਿੰਦਲ, ਸੈਨੇਟਰੀ ਇੰਸਪੈਕਟਰ ਇੰਦਰਜੀਤ ਸਿੰਘ, ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ, ਸੈਨੇਟਰੀ ਇੰਸਪੈਕਟਰ ਰਿਸ਼ਵ ਗੁਪਤਾ, ਸੈਨੇਟਰੀ ਇੰਸਪੈਕਟਰ ਹਰਵਿੰਦਰ ਸਿੰਘ, ਸੈਨੇਟਰੀ ਇੰਸਪੈਕਟਰ ਜਗਤਾਰ ਸਿੰਘ, ਸੈਨੇਟਰੀ ਇੰਸਪੈਕਟਰ ਗੋਗਾ ਰਾਣੀ, ਸੈਨੇਟਰੀ ਸੁਪਰਵਾਈਜ਼ਰ ਨਰਿੰਦਰ ਕੁਮਾਰ ਅਤੇ ਹੋਰ ਸਬੰਧਤ ਅਧਿਕਾਰੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ.

ਮੀਟਿੰਗ ਦੌਰਾਨ ਮੇਅਰ ਨੇ ਸ਼ਹਿਰ ਵਿੱਚ ਮੌਜੂਦਾ ਸਫਾਈ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਉਹਨਾਂ ਖੇਤਰਾਂ ਦੀ ਪਛਾਣ ਕੀਤੀ ਜਿੱਥੇ ਸਫਾਈ ਨੂੰ ਹੋਰ ਬਿਹਤਰ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਸਫਾਈ ਲਈ ਜ਼ਿੰਮੇਵਾਰ ਕਰਮਚਾਰੀਆਂ ਦਾ ਰੋਜ਼ਾਨਾ ਮੋਨੀਟਰਿੰਗ ਰਿਕਾਰਡ ਤਿਆਰ ਹੋਵੇਗਾ ਅਤੇ ਲਾਪਰਵਾਹੀ ਪਾਈ ਜਾਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮੇਅਰ ਕੁੰਦਨ ਗੋਗੀਆ ਨੇ ਸਾਫ਼–ਸੁਥਰਾ ਪਟਿਆਲਾ ਬਣਾਉਣ ਲਈ ਸੈਨੇਟਰੀ ਇੰਸਪੈਕਟਰਾਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਉਹ ਆਪਣੀ-ਆਪਣੀ ਜ਼ਿੰਮੇਵਾਰੀ ਵਾਲੀਆਂ ਥਾਵਾਂ ’ਤੇ ਨਿਯਮਿਤ ਤੌਰ ’ਤੇ ਦੌਰਾ ਕਰਨ। ਮੇਅਰ ਨੇ ਲੋਕਾਂ ਨੂੰ ਵੀ ਸਫਾਈ ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦੇ ਕਿਹਾ ਕਿ ਸ਼ਹਿਰ ਨੂੰ ਸਾਫ਼ ਰੱਖਣਾ ਸਿਰਫ਼ ਨਗਰ ਨਿਗਮ ਦਾ ਕੰਮ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕੂੜਾ ਆਪਣੇ ਆਲੇ ਦੁਆਲੇ ਹੀ ਸੁੱਟਣ ਦੀ ਬਜਾਏ ਨੇੜੇ ਬਣੇ ਡੱਸਟਬਿਨ ਵਿੱਚ ਪਾਇਆ ਜਾਵੇ ਅਤੇ ਘਰਾਂ ਦੇ ਆਲੇ–ਦੁਆਲੇ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਨਗਰ ਨਿਗਮ ਵੱਲੋਂ ਸੜਕਾਂ ਤੇ ਪਏ ਮਲਬੇ ਅਤੇ ਗੰਦਗੀ ਵਾਲੇ ਖੇਤਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਹੈਲਥ ਅਫ਼ਸਰ ਨੇ ਭਰੋਸਾ ਦਿਵਾਇਆ ਕਿ ਸਫਾਈ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰਨ ਲਈ ਸਾਰੀ ਟੀਮ ਤਤਪਰ ਰਹੇਗੀ।

Scroll to Top