ਦਿੱਲੀ, 2 ਅਕਤੂਬਰ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਗੁਜਰਾਤ ਵਿਖੇ ਸ਼ਸਤਰ ਪੂਜਾ ਕੀਤੀ। ਰੱਖਿਆ ਮੰਤਰੀ ਨੇ ‘ਸ਼ਸਤਰ ਪੂਜਾ’ ਤੋਂ ਪਹਿਲਾਂ ਗੁਜਰਾਤ ਦੇ ਭੁੱਜ ਵਿਚ ਫੌਜੀ ਹਵਾਈ ਅੱਡੇ ’ਤੇ ਫੌਜੀਆਂ ਦੇ ਇਕ ਸਮੂਹ ਨੂੰ ਸੰਬੋਧਨ ਵੀ ਕੀਤਾ। ਉਨਾ ਕਿਹਾ ਕਿ ਭਾਰਤੀ ਫੌਜ ਨੇ ਆਪਰੇਸ਼ਨ ਸਿੰਧੂਰ ਦੇ ਸਾਰੇ ਟੀਚਿਆਂ ਨੂੰ ਹਾਸਲ ਕਰ ਲਿਆ ਹੈ, ਪਰ ਸਰਹੱਦ ਪਾਰੋਂ ਅਤਿਵਾਦ ਖਿਲਾਫ਼ ਉਨ੍ਹਾਂ ਦੀ ਲੜਾਈ ਜਾਰੀ ਰਹੇੇਗੀ।
ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਆਪਰੇਸ਼ਨ ਸਿੰਧੂਰ ਦੌਰਾਨ ਭਾਰਤ ਦੀ ਰੱਖਿਆ ਪ੍ਰਣਾਲੀ ਵਿਚ ਸੰਨ੍ਹ ਲਾਉਣ ਦੀ ਨਾਕਾਮ ਕੋਸ਼ਿਸ਼ ਕੀਤੀ, ਪਰ ਭਾਰਤੀ ਫੌਜ ਨੇ ਪਾਕਿਸਤਾਨੀ ਹਵਾਈ ਸੈਨਾ ਦੀ ਰੱਖਿਆ ਤਾਣੇ ਬਾਣੇ ਨੂੰ ‘ਬੇਨਕਾਬ’ ਕਰ ਦਿੱਤਾ ਤੇ ਕੁੱਲ ਆਲਮ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਰਵਾਇਤੀ ਵਿਰੋਧੀ ਨੂੰ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ।