ਮੋਦੀ ਕਾਲਜ, ਵਿੱਚ ਕੋਮਾਂਤਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ‘ਕਲਾ, ਕਿਤਾਬਾਂ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ

ਪਟਿਆਲਾ: 21  ਫਰਵਰੀ – ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਅੱਜ ਕੋਮਾਂਤਰੀ ਮਾਤ ਭਾਸ਼ਾ-ਦਿਵਸ ਮੌਕੇ ਕਲਾ ਕਿਤਾਬਾਂ ਅਤੇ ਕਲਾਕਾਰ’ ਥੀਮ ਨੂੰ ਲੈ ਕੇ ਯਾਦਗਾਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕਲਾ, ਸਾਹਿਤ ਅਤੇ ਕਲਾਕਾਰਾਂ ਵਿਚਕਾਰ ਆਪਸੀ ਤਾਲਮੇਲ ਦੀ ਡੂੰਘੀ ਸਮਝ ਨੂੰ ਉਜਾਗਰ ਅਤੇ ਉਤਸ਼ਾਹਿਤ ਕਰਨ ਦੇ ਨਾਲ–ਨਾਲ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਨਿੱਗਰ ਸੱਭਿਆਚਾਰਕ ਵਿਰਾਸਤ ਅਤੇ ਸਾਹਿਤਕ ਪ੍ਰੰਪਰਾਵਾਂ ਤੋਂ ਜਾਣੂ ਕਰਵਾਉਣਾ ਵੀ ਸੀ।ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਡਾ. ਸੁਰਜੀਤ ਸਿੰਘ, ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਸ਼ਾਮਲ ਹੋਏ ਅਤੇ ਮੁੱਖ ਮਹਿਮਾਨ ਵਜੋਂ ਰਾਣਾ ਰਣਬੀਰ, ਪ੍ਰਸਿੱਧ ਥੀਏਟਰ/ਫਿਲਮ ਕਲਾਕਾਰ ਨੇ ਸ਼ਿਰਕਤ ਕੀਤੀ।

ਆਪਣੇ ਸਵਾਗਤੀ ਭਾਸ਼ਣ ਵਿੱਚ, ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਪੰਜਾਬੀ ਭਾਸ਼ਾ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸਦੀਆਂ ਅਮੀਰ ਸੱਭਿਆਚਾਰਕ ਅਤੇ ਸਾਹਿਤਕ ਪਰੰਪਰਾਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਜਿੱਥੇ ਕਲਾ, ਸੱਭਿਆਚਾਰ ਅਤੇ ਸਾਹਿਤਕ ਪੱਖੋਂ ਬੇਹੱਦ ਅਹਿਮ ਹੈ ਉੱਥੇ ਇਸ ਦਾ ਭਾਰਤ ਦੀਆਂ ਬਾਕੀ ਭਾਸ਼ਾਵਾਂ ਅਤੇ ਗਲੋਬਲੀ ਵਰਤਾਰਿਆਂ ਨਾਲ ਅਦਾਨ-ਪ੍ਰਦਾਨ ਬਾਕਮਾਲ ਹੈ।

ਪੰਜਾਬੀ ਵਿਭਾਗ ਦੇ ਮੁਖੀ, ਡਾ. ਵੀਰਪਾਲ ਕੌਰ ਨੇ ਰਾਣਾ ਰਣਬੀਰ ਅਤੇ ਡਾ. ਸੁਰਜੀਤ ਸਿੰਘ ਦੀ ਰਸਮੀ ਜਾਣ–ਪਛਾਣ ਕਰਵਾਉਂਦਿਆਂ ਕਿਹਾ ਕਿ ਅਜਿਹੀਆਂ ਸ਼ਖਸੀਅਤਾਂ ਨੂੰ ਸੁਣਨਾ ਅਤੇ ਜਾਨਣਾ ਆਪਣੇ ਆਪ ਵਿੱਚ ਅਹਿਮ ਪ੍ਰਾਪਤੀ ਹੈ।

ਇਸ ਮੌਕੇ ’ਤੇ ਬੋਲਦਿਆ ਰਾਣਾ ਰਣਬੀਰ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਅਤੇ ਮਾਤ-ਭਾਸ਼ਾ ਨੂੰ ਅਮੀਰ ਕਰਨ ਹਿੱਤ ਕਲਾਕਾਰਾਂ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਇੱਕ ਵਿਦਿਆਰਥੀ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਪੱਖ ਉਸ ਦਾ ਆਤਮ ਵਿਸ਼ਵਾਸ਼ ਹੁੰਦਾ ਹੈ ਅਤੇ ਕਿਤਾਬਾਂ ਉਸ ਆਤਮ ਵਿਸ਼ਵਾਸ਼ ਨੂੰ ਜਗਾਉਣ ਲਈ ਪ੍ਰੇਰਨਾ ਸਰੋਤ ਬਣਦੀਆਂ ਹਨ। ਉਨ੍ਹਾਂ ਨੇ ਆਪਣੇ ਜੀਵਨ ਦੀਆਂ ਦੁਸ਼ਵਾਰੀਆਂ ਵਿੱਚੋਂ ਨਿਕਲ ਕੇ ਕਿਵੇਂ ਇਸ ਮੁਕਾਮ ਨੂੰ ਹਾਸਲ ਕੀਤਾ, ਬਾਰੇ ਵਿਦਿਆਰਥੀਆਂ ਨਾਲ ਦਿਲਚਸਪ ਗੱਲਾਂ ਕੀਤੀਆਂ। ਇਸ ਮੌਕੇ ਵਿਦਿਆਰਥੀਆਂ ਨੇ ਬੜੀ ਰੀਝ ਨਾਲ ਰਾਣਾ ਰਣਬੀਰ ਨੂੰ ਸੁਣਿਆ, ਉਸ ਦੀ ਜੀਵਨ ਸਫ਼ਰ ਬਾਰੇ ਜਾਣਿਆ ਅਤੇ ਭਵਿੱਖ ਬਾਰੇ ਨਵੀਂ ਰੌਸ਼ਨੀ ਹਾਸਲ ਕੀਤੀ।

ਡਾ. ਸੁਰਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੱਕ ਵਿਅਕਤੀ ਜਿਨ੍ਹਾਂ ਆਪਣੀ ਮਾਤ ਭਾਸ਼ਾ ਵਿੱਚ ਪਰਿਪੱਕ ਹੋਵੇਗਾ, ਉਨ੍ਹਾਂ ਹੀ ਉਹ ਦੂਜੀਆਂ ਭਾਸ਼ਾਵਾਂ ਨੂੰ ਵਧੇਰੇ ਪ੍ਰਬੀਨਤਾ ਨਾਲ ਸਿੱਖ ਸਕੇਗਾ। ਇਸ ਤੋਂ ਬਿਨ੍ਹਾਂ ਡਾ. ਸੁਰਜੀਤ ਨੇ ਰਾਣਾ ਰਣਬੀਰ ਦੀ ਜ਼ਿੰਦਗੀ ਦੇ ਕੁਝ ਹੋਰ ਅਣਗੌਲੇ ਪੱਖਾਂ ਵੱਲ ਵੀ ਸੰਕੇਤ ਕੀਤੇ।

 

Scroll to Top