ਪਟਿਆਲਾ, 12 ਨਵੰਬਰ : ਪਟਿਆਲਾ ਨਿਗਮ ਵੱਲੋਂ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਗਤੀ ਵਿੱਚ ਤੇਜ਼ੀ ਲਿਆਉਣ ਅਤੇ ਜਨਤਕ ਸੁਵਿਧਾਵਾਂ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਇਸੇ ਤਹਿਤ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਅੱਜ ਅਚਨਚੇਤ ਨਿਗਮ ਦਫ਼ਤਰ ਵਿੱਚ ਚੈਕਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਵੱਖ ਵੱਖ ਵਿੰਗਾਂ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਕੰਮ ਕਾਜ ਸੰਬੰਧੀ ਜਾਣਕਾਰੀ ਲਈ।
ਚੈਕਿੰਗ ਦੌਰਾਨ ਉਨ੍ਹਾਂ ਨੇ ਸਾਫ਼ ਸਫਾਈ, ਸੜਕਾਂ ਦੀ ਮੁਰੰਮਤ, ਲਾਈਟਾਂ ਦੀ ਮੁਰੰਮਤ, ਨਿਕਾਸੀ ਪ੍ਰਣਾਲੀ ਅਤੇ ਸਫਾਈ ਪ੍ਰਬੰਧਾਂ ਬਾਰੇ ਖਾਸ ਤੌਰ ’ਤੇ ਦਿਲਚਸਪੀ ਦਿਖਾਈ। ਮੇਅਰ ਨੇ ਨਿਰਦੇਸ਼ ਦਿੱਤੇ ਕਿ ਜਿਹੜੀ ਵੀ ਜਨਤਾ ਨਿਗਮ ਨਾਲ ਸੰਬੰਧਿਤ ਕਿਸੇ ਵੀ ਕੰਮ ਲਈ ਆਉਂਦੀ ਹੈ, ਉਸਦੀ ਸਮੱਸਿਆ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਿਗਮ ਦਾ ਮੁੱਖ ਮਕਸਦ ਸ਼ਹਿਰ ਵਾਸੀਆਂ ਨੂੰ ਸੁਵਿਧਾਜਨਕ ਅਤੇ ਸੁੱਚਾ ਵਾਤਾਵਰਣ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਗਮ ਦੇ ਦਫ਼ਤਰਾਂ ਦੇ ਚੱਕਰ ਨਹੀਂ ਕੱਟਣ ਪੈਣੇ ਚਾਹੀਦੇ। ਇਸ ਲਈ ਜ਼ਰੂਰੀ ਹੈ ਕਿ ਹਰ ਮੁਲਾਜ਼ਮ ਆਪਣੀ ਜ਼ਿੰਮੇਵਾਰੀ ਸੁਚੱਜੇ ਤਰੀਕੇ ਨਾਲ ਨਿਭਾਏ। ਇਸ ਮੌਕੇ ਮੇਅਰ ਨੇ ਵੱਖ–ਵੱਖ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੋ ਵੀ ਸ਼ਿਕਾਇਤਾਂ ਵਾਰਡ ਪੱਧਰ ’ਤੇ ਪ੍ਰਾਪਤ ਹੁੰਦੀਆਂ ਹਨ, ਉਹਨਾਂ ਨੂੰ 24 ਤੋਂ 48 ਘੰਟਿਆਂ ਦੇ ਅੰਦਰ–ਅੰਦਰ ਦੂਰ ਕੀਤਾ ਜਾਵੇ। ਇਸ ਤੋਂ ਇਲਾਵਾ, ਚੱਲ ਰਹੇ ਵਿਕਾਸ ਕਾਰਜਾਂ ਦੀ ਗਤੀ ਤੇਜ਼ ਕਰਨ ਅਤੇ ਗੁਣਵੱਤਾ ’ਤੇ ਖਾਸ ਧਿਆਨ ਦੇਣ ਦੇ ਹੁਕਮ ਵੀ ਦਿੱਤੇ ਗਏ।
ਕੁੰਦਨ ਗੋਗੀਆ ਨੇ ਕਿਹਾ ਕਿ ਨਿਗਮ ਵਿੱਚ ਪਾਰਦਰਸ਼ਤਾ ਅਤੇ ਤੁਰੰਤ ਕਾਰਵਾਈ ਮੁੱਖ ਤਰਜੀਹ ਰਹੇਗੀ। ਜੇਕਰ ਕਿਸੇ ਵੀ ਮਾਮਲੇ ਵਿੱਚ ਲਾਪਰਵਾਹੀ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਨਿਗਮ ਦਾ ਮੁੱਖ ਫੋਕਸ ਸੜਕਾਂ, ਪਾਰਕਾਂ, ਸਫਾਈ ਅਤੇ ਪਾਣੀ ਸਪਲਾਈ ਵਿੱਚ ਸੁਧਾਰ ਲਿਆਉਣਾ ਹੈ. ਚੈਕਿੰਗ ਦੌਰਾਨ ਮੇਅਰ ਨੇ ਦਫ਼ਤਰ ਦੀ ਹਾਜ਼ਰੀ ਰਜਿਸਟਰ ਦੀ ਵੀ ਜਾਂਚ ਕੀਤੀ ਅਤੇ ਦੇਰੀ ਨਾਲ ਆਉਣ ਵਾਲੇ ਕਰਮਚਾਰੀਆਂ ਨੂੰ ਨੂੰ ਵੀ ਸਮੇਂ ਨਾਲ ਆਉਣ ਲਈ ਨਿਰਦੇਸ਼ ਜਾਰੀ ਕੀਤੇ।