ਮੇਅਰ ਕੁੰਦਨ ਗੋਗੀਆ ਨੇ ਲੋਕਲ ਬਾਡੀਜ ਵਿਭਾਗ ਦੇ ਨਵੇਂ ਬਣੇ ਮੰਤਰੀ ਸੰਜੀਵ ਅਰੋੜਾ ਨਾਲ ਕੀਤੀ ਵਿਸ਼ੇਸ਼ ਮੁਲਾਕਾਤ 

ਪਟਿਆਲਾ, 23 ਜਨਵਰੀ – ਬੀਤੇ ਦਿਨੀਂ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵੱਲੋਂ ਪੰਜਾਬ ਸਰਕਾਰ ਦੇ ਲੋਕਲ ਬਾਡੀਜ ਵਿਭਾਗ ਦੇ ਨਵੇਂ ਬਣੇ ਮੰਤਰੀ ਸੰਜੀਵ ਅਰੋੜਾ ਜੀ ਨਾਲ ਵਿਸ਼ੇਸ ਮੁਲਾਕਾਤ ਕੀਤੀ ਗਈ। ਇਸ ਮੌਕੇ ਮੇਅਰ ਵੱਲੋਂ ਉਨ੍ਹਾਂ ਨੂੰ ਲੋਕਲ ਬਾਡੀਜ ਵਿਭਾਗ ਦਾ ਮੰਤਰੀ ਬਣਨ ‘ਤੇ ਵਧਾਈ ਦਿੰਦੇ ਹੋਇਆ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਮੇਅਰ ਨੇ ਕਿਹਾ ਕਿ ਸੰਜੀਵ ਅਰੋੜਾ ਜੀ ਦੀ ਨਿਯੁਕਤੀ ਨਾਲ ਪੰਜਾਬ ਦੇ ਸ਼ਹਿਰਾਂ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ।
ਮੇਅਰ ਨੇ ਕਿਹਾ ਕਿ ਲੋਕਲ ਬਾਡੀਜ ਵਿਭਾਗ ਸ਼ਹਿਰੀ ਵਿਕਾਸ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਸ ਵਿਭਾਗ ਦੀ ਮਜ਼ਬੂਤ ਅਗਵਾਈ ਨਾਲ ਸਫਾਈ ਪ੍ਰਬੰਧ, ਸੜਕਾਂ, ਪੀਣ ਵਾਲਾ ਪਾਣੀ, ਸਿਵਰੇਜ ਅਤੇ ਹੋਰ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਆਵੇਗਾ। ਉਨ੍ਹਾਂ ਦੱਸਿਆ ਕਿ ਮੁਲਾਕਾਤ ਦੌਰਾਨ ਪਟਿਆਲਾ ਸ਼ਹਿਰ ਨਾਲ ਸੰਬੰਧਿਤ ਕਈ ਅਹਿਮ ਮਸਲੇ ਮੰਤਰੀ ਜੀ ਦੇ ਧਿਆਨ ਵਿੱਚ ਲਿਆਂਦੇ ਗਏ।
ਮੇਅਰ ਨੇ ਕਿਹਾ ਕਿ ਪਟਿਆਲਾ ਇੱਕ ਇਤਿਹਾਸਕ ਅਤੇ ਸੱਭਿਆਚਾਰਕ ਸ਼ਹਿਰ ਹੈ, ਜਿਸਦੇ ਵਿਕਾਸ ਲਈ ਵਿਸ਼ੇਸ਼ ਯੋਜਨਾ ਬਣਾਉਣ ਦੀ ਲੋੜ ਹੈ। ਇਸ ਸੰਦਰਭ ਵਿੱਚ ਨਗਰ ਨਿਗਮ ਪਟਿਆਲਾ ਨੂੰ ਵਿੱਤੀ ਸਮੱਸਿਆਵਾਂ, ਕਰਮਚਾਰੀਆਂ ਦੀ ਘਾਟ, ਸਫਾਈ ਪ੍ਰਬੰਧ ਨੂੰ ਹੋਰ ਸੁਧਾਰਨ ਅਤੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਮੰਤਰੀ ਜੀ ਨੂੰ ਇਹ ਵੀ ਅਗਾਹ ਕੀਤਾ ਗਿਆ ਕਿ ਤੇਜ਼ੀ ਨਾਲ ਵਧ ਰਹੀ ਆਬਾਦੀ ਕਾਰਨ ਬੁਨਿਆਦੀ ਢਾਂਚੇ ‘ਤੇ ਦਬਾਅ ਵਧ ਰਿਹਾ ਹੈ।
ਮੇਅਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਆਉਣ ਵਾਲੀਆਂ ਯੋਜਨਾਵਾਂ ਜਿਵੇਂ ਕਿ ਸਮਾਰਟ ਸਿਟੀ ਪ੍ਰਾਜੈਕਟਾਂ, ਡਿਜੀਟਲ ਸੇਵਾਵਾਂ, ਗ੍ਰੀਨ ਪਟਿਆਲਾ ਮੁਹਿੰਮ, ਪਾਰਕਾਂ ਦੇ ਵਿਕਾਸ ਅਤੇ ਸਵੱਛਤਾ ਅਭਿਆਨਾਂ ਬਾਰੇ ਵੀ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਮਕਸਦ ਪਟਿਆਲਾ ਨੂੰ ਸਾਫ-ਸੁਥਰਾ, ਸੁੰਦਰ ਅਤੇ ਨਿਵਾਸੀਆਂ ਲਈ ਸੁਖਦਾਇਕ ਸ਼ਹਿਰ ਬਣਾਉਣਾ ਹੈ।
ਮੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਵਿਕਾਸ ਨੂੰ ਅਹਿਮ ਭੂਮਿਕਾ ਦਿੱਤੀ ਜਾ ਰਹੀ ਹੈ ਅਤੇ ਲੋਕਲ ਬਾਡੀਜ ਵਿਭਾਗ ਇਸ ਵਿੱਚ ਕੇਂਦਰੀ ਭੂਮਿਕਾ ਨਿਭਾ ਰਿਹਾ ਹੈ। ਮੰਤਰੀ ਸੰਜੀਵ ਅਰੋੜਾ ਜੀ ਨੇ ਭਰੋਸਾ ਦਿਵਾਇਆ ਕਿ ਪਟਿਆਲਾ ਦੇ ਹਰੇਕ ਵਿਕਾਸ ਦੇ ਮਸਲੇ ਨੂੰ ਤਰਜੀਹ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ ਅਤੇ ਨਗਰ ਨਿਗਮ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਅੰਤ ਵਿੱਚ ਮੇਅਰ ਨੇ ਕਿਹਾ ਕਿ ਇਹ ਮੁਲਾਕਾਤ ਪਟਿਆਲਾ ਦੇ ਵਿਕਾਸ ਲਈ ਬਹੁਤ ਹੀ ਸਕਾਰਾਤਮਕ ਸਾਬਤ ਹੋਵੇਗੀ। ਉਨ੍ਹਾਂ ਆਸ ਜਤਾਈ ਕਿ ਮੰਤਰੀ ਜੀ ਦੀ ਅਗਵਾਈ ਹੇਠ ਪੰਜਾਬ ਦੇ ਸਾਰੇ ਸ਼ਹਿਰ, ਖਾਸ ਕਰਕੇ ਪਟਿਆਲਾ, ਨਵੇਂ ਵਿਕਾਸੀ ਮਾਪਦੰਡ ਸਥਾਪਤ ਕਰਨਗੇ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ।
Scroll to Top