ਪਟਿਆਲਾ, 25 ਫਰਵਰੀ — ਸ਼ਾਹੀ ਸ਼ਹਿਰ ਪਟਿਆਲਾ ਵਿੱਚ ਲੰਮੇ ਸਮੇਂ ਤੋਂ ਚੱਲ ਰਹੀਆਂ ਸੀਵਰੇਜ ਜਾਮ ਅਤੇ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਸਮੱਸਿਆਵਾਂ ਦੇ ਸਥਾਈ ਹੱਲ ਵੱਲ ਨਗਰ ਨਿਗਮ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਵੱਲੋਂ ਅੱਜ ਨਵੀਂ ਹਾਈ-ਪ੍ਰੈਸ਼ਰ ਜੈਟਿੰਗ ਸੀਵਰ ਮਸ਼ੀਨ ਦਾ ਉਦਘਾਟਨ ਕਰਕੇ ਇਸਨੂੰ ਲੋਕ ਸੇਵਾ ਲਈ ਸਮਰਪਿਤ ਕੀਤਾ ਗਿਆ।
ਇਸ ਮੌਕੇ ਮੇਅਰ ਅਤੇ ਕਮਿਸ਼ਨਰ ਨੇ ਦੱਸਿਆ ਕਿ ਇਹ ਅਧੁਨਿਕ ਮਸ਼ੀਨ ਖ਼ਾਸ ਤੌਰ ’ਤੇ ਸ਼ਹਿਰ ਦੇ ਪੁਰਾਣੇ, ਤੰਗ ਅਤੇ ਭੀੜ ਵਾਲੇ ਇਲਾਕਿਆਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ, ਜਿੱਥੇ ਪਹਿਲਾਂ ਸੀਵਰੇਜ ਸਫਾਈ ਦੌਰਾਨ ਕਾਫੀ ਮੁਸ਼ਕਲਾਂ ਆਉਂਦੀਆਂ ਸਨ। ਹਾਈ-ਪ੍ਰੈਸ਼ਰ ਤਕਨੀਕ ਨਾਲ ਇਹ ਮਸ਼ੀਨ ਸੀਵਰੇਜ ਲਾਈਨਾਂ ਵਿੱਚ ਜਮੀ ਮਿੱਟੀ, ਕੂੜਾ ਅਤੇ ਹੋਰ ਅਵਰੋਧਾਂ ਨੂੰ ਤੁਰੰਤ ਸਾਫ਼ ਕਰਨ ਦੇ ਸਮਰਥ ਹੈ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਦਾ ਮੁੱਖ ਉਦੇਸ਼ ਸ਼ਹਿਰ ਵਾਸੀਆਂ ਨੂੰ ਸਾਫ਼, ਸਿਹਤਮੰਦ ਅਤੇ ਬਿਮਾਰੀਆਂ ਤੋਂ ਮੁਕਤ ਵਾਤਾਵਰਣ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਜਾਮ ਕਾਰਨ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਿਗਮ ਵੱਲੋਂ ਮਸ਼ੀਨਰੀ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਨਵੀਂ ਜੈਟਿੰਗ ਮਸ਼ੀਨ ਨਾਲ ਸ਼ਿਕਾਇਤਾਂ ਦਾ ਨਿਪਟਾਰਾ ਹੁਣ ਤੇਜ਼ੀ ਨਾਲ ਕੀਤਾ ਜਾਵੇਗਾ।
ਨਿਗਮ ਕਮਿਸ਼ਨਰ ਪਰਮਜੀਤ ਸਿੰਘ ਨੇ ਕਿਹਾ ਕਿ ਸਿਰਫ਼ ਨਵੀਆਂ ਮਸ਼ੀਨਾਂ ਹੀ ਨਹੀਂ ਖਰੀਦੀਆਂ ਜਾ ਰਹੀਆਂ, ਸਗੋਂ ਮੌਜੂਦਾ ਸਫਾਈ ਸੰਦਾਂ ਅਤੇ ਵਾਹਨਾਂ ਦੀ ਮੁਰੰਮਤ ਅਤੇ ਸੰਭਾਲ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਗਮ ਦੀ ਟੀਮ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸੀਵਰੇਜ ਸਬੰਧੀ ਮਿਲਣ ਵਾਲੀ ਹਰ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇ।
ਮੇਅਰ ਅਤੇ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਫਾਈ ਮੁਹਿੰਮ ਵਿੱਚ ਨਗਰ ਨਿਗਮ ਦਾ ਸਹਿਯੋਗ ਕਰਨ ਅਤੇ ਸੀਵਰੇਜ ਲਾਈਨਾਂ ਵਿੱਚ ਕੂੜਾ, ਪਲਾਸਟਿਕ ਜਾਂ ਹੋਰ ਅਣਚਾਹੀਆਂ ਵਸਤਾਂ ਨਾ ਸੁੱਟਣ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਤੇ ਲੋਕਾਂ ਦੇ ਸਾਂਝੇ ਯਤਨਾਂ ਨਾਲ ਹੀ ਪਟਿਆਲਾ ਨੂੰ ਇੱਕ ਸਾਫ਼, ਸੁੰਦਰ ਅਤੇ ਸਿਹਤਮੰਦ ਸ਼ਹਿਰ ਬਣਾਇਆ ਜਾ ਸਕਦਾ ਹੈ।