ਪਟਿਆਲਾ, 2 ਜਨਵਰੀ : ਸਿਵਲ ਸਰਜਨ ਪਟਿਆਲਾ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਪਟਿਆਲਾ ਵਿੱਚ 8 ਜਨਵਰੀ 2026 ਤੋਂ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ| ਇਸ ਯੋਜਨਾ ਤਹਿਤ ਪਟਿਆਲਾ ਜਿਲ੍ਹੇ ਦੇ 56 ਪ੍ਰਾਈਵੇਟ ਤੇ 13 ਸਰਕਾਰੀ ਹਸਪਤਾਲਾਂ ਵਿੱਚ ਹਰ ਪਰਿਵਾਰ ਨੂੰ ਪ੍ਰਤੀ ਸਾਲ 10 ਲੱਖ ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਜਾਵੇਗਾ|
ਸਿਵਲ ਸਰਜਨ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨਾਲ ਜੁੜੇ ਮੈਪਿੰਗ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਸਰਲ ਤੇ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਸਿਹਤ ਅਧਿਕਾਰੀਆ ਨੂੰ ਦਿੱਤੇ ਗਏ।
ਉਨ੍ਹਾਂ ਆਖਿਆ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ਉੱਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਬਿਹਤਰ ਸਿਹਤ ਸਹੂਲਤਾਂ ਪਹੁੰਚਾਉਣਾ ਹੈ| ਇਸ ਯੋਜਨਾ ਦੀ ਤਫਸੀਲ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾæ ਜਸਵਿੰਦਰ ਸਿੰਘ ਨੇ ਆਖਿਆ ਕਿ ਇਸ ਯੋਜਨਾ ਤਹਿਤ ਕਾਰਡ ਬਨਵਾਉਣ ਲਈ ਵਿਅਕਤੀ ਦਾ ਪੰਜਾਬ ਦਾ ਵਾਸੀ ਹੋਣਾ ਜ਼ਰੂਰੀ ਹੈ| ਇਹ ਕਾਰਡ ਪਿੰਡ ਜਾਂ ਸ਼ਹਿਰ ਦੇ ਕਿਸੇ ਵੀ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਤੋਂ ਬਣਵਾਇਆ ਜਾ ਸਕਦਾ ਹੈ| ਰਜਿਸਟ੍ਰੇਸ਼ਨ ਲਈ ਅਧਾਰ ਕਾਰਡ ਤੇ ਵੋਟਰ ਕਾਰਡ ਨੂੰ ਰਿਹਾਇਸ਼ੀ ਸਰਟੀਫਿਕੇਟ ਵਜੋਂ ਲਾਜ਼ਮੀ ਬਣਾਇਆ ਗਿਆ ਹੈ| ਜਿਸ ਦਾ ਪਹਿਲਾਂ ਆਯੂਸ਼ਮਾਨ ਕਾਰਡ ਬਣਿਆ ਹੋਇਆ ਹੈ ਉਸ ਦਾ ਵੀ ਦੁਬਾਰਾ ਇਸ ਸਕੀਮ ਤਹਿਤ ਕਾਰਡ ਬਣਾਇਆ ਜਾਵੇਗਾ|
ਉਨ੍ਹਾਂ ਅੱਗੇ ਸਪਸ਼ਟ ਕਰਦਿਆਂ ਆਖਿਆ ਕਿ ਯੋਜਨਾ ਦਾ ਲਾਭ ਉਠਾਉਣ ਲਈ ਹਰ ਯੋਗ ਵਿਅਕਤੀ ਦਾ ਵੱਖੋ ਵੱਖਰਾ ਕਾਰਡ ਬਨਵਾਉਣਾ ਜ਼ਰੂਰੀ ਹੋਵੇਗਾ| ਇੱਕ ਪਰਿਵਾਰ ਦੇ ਸਾਰੇ ਜੀਆਂ ਦਾ ਵੱਖਰਾ ਕਾਰਡ ਬਣੇਗਾ| 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕਾਰਡ ਬਨਵਾਉਣ ਸਮੇਂ ਅਧਾਰ ਕਾਰਡ ਤੇ ਵੋਟਰ ਕਾਰਡ ਨਾਲ ਲਿਆਉਣਾ ਜ਼ਰੂਰੀ ਹੋਵੇਗਾ ਜਦਕਿ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਅਧਾਰ ਕਾਰਡ ਦੇ ਨਾਲ ਜਨਮ ਪ੍ਰਮਾਣ ਪੱਤਰ ਵੀ ਪੇਸ਼ ਕਰਨਾ ਹੋਵੇਗਾ| ਉਨ੍ਹਾਂ ਆਖਿਆ ਕਿ ਜਿਲ੍ਹੇ ਦੀ ਲੱਗਭਗ 20 ਲੱਖ ਆਬਾਦੀ ਹੈ, ਜਿਸ ਵਿੱਚ 984 ਪਿੰਡ ਤੇ 215 ਵਾਰਡ ਸ਼ਾਮਲ ਹਨ| ਸਾਰੀ ਆਬਾਦੀ ਦੇ ਕਾਰਡ ਬਨਵਾਉਣ ਲਈ 742 ਕਾਮਨ ਸਰਵਿਸ ਸੈਂਟਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ|
ਡੀਐਮਸੀ ਨੇ ਦੱਸਿਆ ਕਿ ਪਿੰਡਾਂ ਦੇ ਸਰਪੰਚਾਂ, ਕਾਊਂਸਲਰਾਂ, ਨੰਬਰਦਾਰਾਂ, ਐਸਐਮਓਜ਼, ਮੈਡੀਕਲ ਅਫਸਰਾਂ, ਏਐਨਐਮਜ਼, ਮੇਲ ਵਰਕਰਜ਼, ਆਸ਼ਾ ਵਰਕਰਾਂ ਤੇ ਗੈਰ ਸਰਕਾਰੀ ਸੰਗਠਨਾਂ ਦੇ ਨਾਲ ਨਾਲ ਸਥਾਨਕ ਸਿਆਸੀ ਲੀਡਰਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਨੇਪਰੇ ਚਾੜ੍ਹਨ ਦਾ ਉਪਰਾਲਾ ਕੀਤਾ ਜਾਵੇਗਾ|