ਦਿੱਲੀ, 16 ਜਨਵਰੀ : ਦੱਖਣੀ ਕੋਰੀਆ ਵਿੱਚ ਮਾਰਸ਼ਲ ਲਾਅ ਨਾਲ ਜੁੜੇ ਵਿਵਾਦੀ ਮਾਮਲੇ ਵਿੱਚ ਸਾਬਕਾ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਜੇਲ ਦੀ ਸਜਾ ਸੁਣਾਈ ਹੈ। ਜਾਣਕਾਰੀ ਦੇ ਅਨੁਸਾਰ ਇਹ ਮਾਮਲਾ ਸਾਲ 2024 ਦੇ ਅਖੀਰ ਵਿੱਚ ਜਾਰੀ ਕੀਤੇ ਗਏ ਮਾਰਸ਼ਲ ਲਾਅ ਸੰਬੰਧੀ ਫ਼ਰਮਾਨ ਅਤੇ ਉਸ ਨਾਲ ਜੁੜੇ ਹੋਰ ਦੋਸ਼ਾਂ ਨਾਲ ਸਬੰਧਤ ਹੈ। ਯੂਨ ਸੁਕ ਯਿਓਲ ਖ਼ਿਲਾਫ਼ ਕੁੱਲ ਅੱਠ ਅਪਰਾਧਿਕ ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਇਹ ਸਭ ਤੋਂ ਪਹਿਲਾ ਮਾਮਲਾ ਅੰਤਿਮ ਫੈਸਲੇ ਤੱਕ ਪਹੁੰਚਿਆ ਹੈ।
ਅਦਾਲਤ ਨੇ ਯੂਨ ਨੂੰ ਇਸ ਮਾਮਲੇ ਵਿਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਸ਼ੁੱਕਰਵਾਰ ਨੂੰ ਸਿਓਲ ਸੈਂਟਰਲ ਜ਼ਿਲ੍ਹਾ ਅਦਾਲਤ ਵੱਲੋਂ ਸੁਣਾਇਆ ਗਿਆ, ਜੋ ਯੂਨ ਖ਼ਿਲਾਫ਼ ਚੱਲ ਰਹੇ ਕਈ ਅਪਰਾਧਿਕ ਮੁਕੱਦਮਿਆਂ ਵਿੱਚ ਪਹਿਲਾ ਅਦਾਲਤੀ ਫੈਸਲਾ ਮੰਨਿਆ ਜਾ ਰਿਹਾ ਹੈ। ਇਸ ਫੈਸਲੇ ਨੂੰ ਦੱਖਣੀ ਕੋਰੀਆ ਦੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਮੋੜ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਇਹ ਪਹਿਲੀ ਵਾਰ ਹੈ ਕਿ ਸਾਬਕਾ ਰਾਸ਼ਟਰਪਤੀ ਨੂੰ ਮਾਰਸ਼ਲ ਲਾਅ ਵਰਗੇ ਗੰਭੀਰ ਮਾਮਲੇ ਵਿੱਚ ਅਦਾਲਤੀ ਸਜ਼ਾ ਸੁਣਾਈ ਗਈ ਹੈ।